21 July 2015


- ਇੰਦਰਜੀਤ ਸਿੰਘ, ਕਾਨਪੁਰ
"ਨਿਸ਼ਾਨ", "ਝੰਡੇ", ਅਤੇ "ਝੰਡੇ ਬੁੰਗਿਆਂ" ਬਾਰੇ ਕਈ ਲੇਖ ਅਤੇ ਟਿਪਣੀਆਂ ਵਿਦਵਾਨਾਂ ਵਲੋਂ ਸਮੇਂ ਸਮੇਂ 'ਤੇ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ ।
ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ ਅੱਗੇ ਮੱਥਾ ਟੇਕਣ ਵਾਲਿਆਂ ਅਤੇ ਮੋਮਬੱਤੀਆਂ ਜਗਾ ਕੇ  ਮਨਮਤਿ ਦਾ ਪ੍ਰਗਟਾਵਾਂ ਕਰਨ ਵਾਲੇ ਸਿੱਖਾਂ ਨੂੰ ਮੈਂ ਅਕਸਰ ਹੀ ਵੇਖ ਕੇ ਇਹ ਸੋਚਦਾ ਰਹਿੰਦਾ ਹਾਂ ਕਿ ਇਨਾਂ ਭੋਲੇ ਭਾਲਿਆਂ ਨੂੰ ਤਾਂ ਪਤਾ ਹੀ ਨਹੀਂ ਕਿ "ਨਿਸ਼ਾਨ ਸਾਹਿਬ " ਦੀ ਅਹਮਿਅਤ ਅਤੇ ਇਸਦਾ ਮਕਸਦ ਕੀ ਹੈ ? ਗੁਰੂ ਘਰ ਵਿੱਚ ਕਿਸੇ ਵੀ "ਪ੍ਰਤੀਕ" ਦਾ ਆਦਰ ਕਰਣਾਂ ਅਤੇ ਉਸ ਅੱਗੇ ਮੱਥਾ ਟੇਕਨ ਵਿੱਚ ਇਕ ਬਹੁਤ ਵਡਾ ਫਰਕ ਹੁੰਦਾ ਹੈ।

"ਨਿਸ਼ਾਨ" ਸ਼ਬਦ ਦਾ ਪਹਿਲਾ ਅਤੇ ਸਿਧਾ ਸਾਧਾ ਸੰਬੰਧ "ਚਿਨ੍ਹ" ਜਾਂ "ਨਿਸ਼ਾਨੀ" ਨਾਲ ਹੈ। ਗੁਰੂ ਘਰ ਵਿੱਚ "ਨਿਸ਼ਾਨ" ਦੀ ਵਰਤੋਂ ਪੰਜ ਗੁਰੂ ਸਾਹਿਬਾਨ ਤਕ ਬਿਲਕੁਲ ਹੀ ਨਹੀਂ ਸੀ ਹੋਈ । ਛੇਵੇ ਗੁਰੂ ਸਾਹਿਬ ਵੇਲੇ ਹੀ ਇਸ ਦੀ ਵਰਤੋਂ ਸ਼ੁਰੂ ਹੋਈ । ਇਥੇ "ਵਰਤੋਂ " ਸ਼ਬਦ ਦੀ ਚੋਂਣ ਸੋਚ ਸਮਝ ਕੇ ਕੀਤੀ ਗਈ ਹੈ, ਕਿਉਕਿ "ਵਰਤੋਂ" ਉਸ ਵਸਤੂ ਦੀ ਕੀਤੀ ਜਾਂਦੀ ਹੈ ਜਿਸਦਾ ਕੋਈ "ਮਕਸਦ" ਹੁੰਦਾ ਹੈ। ਦੂਜੀ ਤਰ੍ਹਾਂ ਅਸੀਂਂ ਇਹ ਵੀ ਕਹਿ ਸਕਦੇ ਹਾਂ ਕਿ ਕਿਸੇ "ਮਕਸਦ" ਕਰ ਕੇ ਹੀ ਕੋਈ ਚੀਜ "ਵਰਤੀ" ਜਾਂਦੀ ਹੈ। ਸਿਖਾਂ ਵਲੋਂ "ਨਿਸ਼ਾਨ" ਦੀ "ਵਰਤੋਂ" ਦਾ ਵੀ ਕੋਈ "ਮਕਸਦ" ਸੀ, ਜਿਸਦਾ ਜਿਕਰ ਅਸੀਂ ਇਥੇ ਕਰਾਂਗੇ ।

ਛੇਵੇਂ ਗੁਰੂ ਸਾਹਿਬ ਵੇਲੇ ਤਕ ਗੁਰੂ ਘਰ ਦੀਆਂ ਫੌਜਾਂ ਹੋਂਦ ਵਿੱਚ ਆ ਚੁਕੀਆਂ ਸਨ ਅਤੇ ਉਹ ਪੂਰੇ ਲਉ ਲਸ਼ਕਰ ਨਾਲ ਅਪਣੀਆਂ ਛਾਵਣੀਆਂ (ਕੇਂਪ) ਬਣਾਂ ਕੇ ਰਹਿੰਦੀਆਂ ਸਨ । ਇਨਾਂ ਫੌਜਾਂ ਵਿੱਚ ਦਿਨ ਬ ਦਿਨ ਵਾਧਾਂ ਹੁੰਦਾ ਗਇਆ ਅਤੇ ਉਸ ਵੇਲੇ ਅਨੁਸਾਰ , ਇਨਾਂ ਨੂੰ ਆਧੁਨਿਕ ਬਣਾਇਆ ਜਾਂਦਾ ਰਿਹਾ। ਕਈ ਜੰਗਾਂ ਵੀ ਲੜੀਆਂ ਗਈਆਂ ਅਤੇ ਅਭਿਆਸ ਵੀ ਕੀਤੇ ਜਾਂਦੇ ਸਨ । ਹੁਣ ਅਸੀਂ ਇਥੇ ਇਹ ਵਿਚਾਰ ਕਰਨਾਂ ਹੈ ਕਿ , ਕਿਸੇ ਝੰਡੇ ਜਾਂ ਨਿਸ਼ਾਨ ਦੀ ਵਰਤੋਂ ਕਿਥੇ ਅਤੇ ਕਿਂਉ ਕੀਤੀ ਜਾਂਦੀ ਹੈ , ਸਿੱਖੀ ਵਿੱਚ ਇਸ ਦੀ ਕੀ ਅਹਮਿਯਤ ਹੈ ?
ਕਿਸੇ ਵੀ ਝੰਡੇ ਜਾਂ ਨਿਸ਼ਾਨ ਦੀ ਵਰਤੋਂ ਦਾ ਪਹਿਲਾ ਮਕਸਦ ਹੁੰਦਾ ਹੈ, "ਅਪਣੀ ਹੋਂਦ ਅਤੇ ਮੌਜੂਦਗੀ ਨੂੰ ਦਰਸਾਉਣਾਂ" ਜਾਂ ਸਾਬਿਤ ਕਰਣਾਂ ।ਜਿਸ ਵੀ ਥਾਂ ਤੇ ਕਿਸੇ ਫੌਜ , ਲਸ਼ਕਰ ਜਾਂ ਕਬੀਲੇ ਦਾ ਡੇਰਾ ਜਾਂ ਪੜਾਂਅ ਹੁੰਦਾ ਸੀ, ਉਥੇ ਉਹ ਅਪਣਾਂ ਝੰਡਾ ਲਾ ਕੇ ਇਹ ਸਾਬਿਤ ਕਰਦੇ ਸਨ ਕਿ ਅਸੀਂ ਇਥੇ ਮੌਜੂਦ ਹਾਂ। ਜੇ ਅਸੀਂ ਕਿਸੇ ਦੇਸ਼ ਦੀ ਰਾਜਧਾਨੀ ਵਿੱਚ, ਉਨਾਂ ਦੇ ਦੂਤਾਵਾਸਾਂ (EMBASSIES) ਨੂੰ ਵੇਖੀਏ ਤਾਂ ਉਥੇ ਵੀ ਉਨਾਂ ਦੇ ਦੇਸ਼ ਦੇ ਆਪੋ ਆਪਣੇ ਝੰਡੇ ਲਗੇ ਹੁੰਦੇ ਨੇ , ਜੋ ਇਹ ਦਰਸਾਉਦੇ ਨੇ ਕਿ ਇਥੇ ਫਲਾਂ ਦੇਸ਼ ਦਾ ਦੂਤਾਵਾਸ ਹੈ।ਕਿਸੇ ਵੀ ਝੰਡੇ ਜਾਂ ਨਿਸ਼ਾਨ ਦਾ ਦੂਜਾ ਮਕਸਦ ਹੁੰਦਾ ਹੈ "ਅਪਣੀ ਜਿੱਤ ਜਾਂ ਫਤਿਹ ਨੂੰ ਦਰਸਾਉਣਾਂ" । ਜਦੋਂ ਵੀ ਕੋਈ ਫੋਜ ਯੁੱਧ ਲੜਦੀ ਲੜਦੀ ਅਪਣੇ ਵਿਰੋਧੀਆਂ ਦੇ ਖੇਤਰ ਜਾਂ ਖਿੱਤੇ ਉੱਤੇ ਅਪਣਾਂ ਕਬਜਾ ਕਰ ਲੈਂਦੀ ਸੀ , ਤਾਂ ਉਹ ਅਪਣਾਂ ਨਿਸ਼ਾਨ ਜਾਂ ਝੰਡਾ ਉਥੇ ਗੱਡ ਕੇ ਇਹ ਸਾਬਿਤ ਕਰਦੀ ਸੀ ਕਿ ਇਹ ਖੇਤਰ ਹੁਣ ਸਾਡਾ ਹੈ, ਅਤੇ ਹੁਣ ਇਸ ਉੱਤੇ ਸਾਡਾ ਅਧਿਕਾਰ ਹੈ। ਖਾਲਸਾ ਫੌਜ ਦੇ ਜੱਥੇਦਾਰ ਅਤੇ ਮਹਾਨ ਯੋਧਾ ਜੱਸਾ ਸਿੰਘ ਆਲਹੂਵਾਲੀਆ ਅਤੇ ਭਾਈ ਬਘੈਲ ਸਿੰਘ ਨੇ ਜਦੋ ਤੀਹ  ਹਜਾਰ ਫੌਜ ਲੈ ਕੇ ਦਿੱਲੀ ਤੇ ਕਬਜਾ ਕਰ ਲਿਆ, ਤਾਂ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਲਹਿਰਾਨਾਂ ਵੀ ਇੱਸੇ ਮਕਸਦ ਦੇ ਪੂਰੇ ਹੋਣ ਦਾ ਐਲਾਨ ਸੀ, ਕਿ ਦਿੱਲੀ ਤੇ ਹੁਣ ਖਾਲਸੇ ਦਾ ਰਾਜ ਹੈ । ਇਹ ਤਰੀਕਾ ਅਜੋਕੇ ਸਮੈਂ ਵਿੱਚ ਵੀ ਵਰਤਿਆ ਜਾਂਦਾ ਹੈ। ਪਹਾੜਾਂ ਦੀਆਂ ਚੋਟੀਆਂ ਅਤੇ ਟਾਪੂਆਂ ਦੇ ਏਕਸਪੀਡੀਸ਼ਨ ਕਰਨ ਵਾਲੇ ਜਾਂ ਖੋਜ ਕਰਨ ਵਾਲੇ ਵੀ ਜਦੋਂ ਉਸ ਤੇ ਪਹੂੰਚ ਜਾਂਦੇ ਨੇ ਤਾਂ ਅਪਣੀ ਜਿੱਤ ਨੂੰ ਦਰਸਾਉਣ ਲਈ , ਜਾਂ ਮਕਸਦ ਦੇ ਪੂਰਾ ਹੋਂਣ ਦਾ ਸੰਦੇਸ਼ ਦੇਂਦੇ ਹੋਏ ਅਪਣਾਂ ਝੰਡਾ ਉਸ ਥਾਂ ਤੇ ਗੱਡ ਦੇਂਦੇ ਹਨ।ਇਸੇ ਤਰ੍ਹਾਂ ਦਾ ਇਜਹਾਰ ਚੰਦ੍ਰਮਾਂ ਤੇ ਪਹਿਲਾਂ ਕਦਮ ਰੱਖਣ ਵਾਲਿਆਂ ਵੀ ਉਥੇ ਅਪਣੇ ਦੇਸ਼ ਦਾ ਝੰਡਾ ਗੱਡ ਕੇ ਕੀਤਾ ਸੀ।

ਕਿਸੇ ਵੀ ਝੰਡੇ ਜਾਂ ਨਿਸ਼ਾਨ ਦਾ ਤੀਜਾ ਮਕਸਦ ਹੁੰਦਾ ਹੈ "ਅਪਣੀ ਵਖਰੀ ਪਹਿਚਾਨ ਨੂੰ ਦਰਸਾਉਣਾਂ" । ਇਸੇ ਕਰਕੇ ਹਰ ਦੇਸ਼ , ਕੌਮ, ਫਿਰਕੇ ਅਤੇ ਕਬੀਲੇ, ਦੇ ਅਪਣੇ ਵਖਰੇ ਨਿਸ਼ਾਨ ਹੁੰਦੇ ਨੇ। ਇਥੋਂ ਤਕ ਕੇ ਹੁਣ ਸਿੱਖਾਂ ਦੀ ਵੇਖਾ ਵੇਖੀ ਹੋਰ ਧਰਮਾਂ ਅਤੇ ਸੰਪ੍ਰਦਾਈਆਂ ਨੇ ਵੀ ਅਪਣੇ ਨਿਸ਼ਾਨ ਬਣਾਂ ਲਏ ਹਨ । ਝੰਡੇ ਜਾਂ ਨਿਸ਼ਾਨ ਜਰੂਰਤ ਅਤੇ ਵਰਤੋਂ ਦੇ ਇਹ ਤਿਨ ਅਹਿਮ ਕਾਰਣ ਹਨ।

 ਹੁਣ ਗਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਦੀ ਅਹਮਿਅਤ ਤੇ ਮਕਸਦ ਦੀ ਗੱਲ ਕਰਦੇ ਹਾਂ । ਇਨਾਂ ਨਿਸ਼ਾਨਾਂ ਅਤੇ ਝੰਡਿਆ ਦੀ ਵਰਤੋਂ ਪਹਿਲਾਂ ਫੌਜਾਂ ਅਤੇ ਰਿਆਸਤਾਂ ਵਲੋਂ ਹੀ ਕੀਤੀ ਜਾਂਦੀ ਸੀ, ਇਸਦੀ ਵਰਤੋਂ ਧਾਰਮਿਕ ਅਦਾਰਿਆਂ ਵਿੱਚ ਜਾਂ ਧਰਮ ਲਈ ਨਹੀਂ ਕੀਤੀ ਜਾਂਦੀ ਸੀ। ਜਾਹਿਰ ਹੈ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਸਾਹਿਬ ਨੇ ਹੀ ਮੀਰੀ ਪੀਰੀ ਦੇ ਸਿਧਾਂਤ ਨੂੰ ਸਿੱਖੀ ਵਿੱਚ ਕਾਇਮ ਕੀਤਾ ਅਤੇ ਗੁਰੂ ਦੀਆਂ ਫੌਜਾਂ ਨੇ ਵੀ ਇਸ "ਨਿਸ਼ਾਨ" ਦੀ ਵਰਤੋਂ ਕੀਤੀ ।

ਸਿੱਖ ਹੁਣ ਭਗਤੀ ਨਾਲ ਸ਼ਕਤੀ ਦਾ ਧਾਰਣੀ ਵੀ ਬਣ ਚੁਕਾ ਸੀ ਅਤੇ ਇਕ ਫੌਜੀ ਦੀ ਵੇਸ਼ਭੂਸ਼ਾ ਅਤੇ ਬਾਣੇ ਨੂੰ ਅਪਣਾਂ ਚੁਕਾ ਸੀ ।ਹੁਣ ਉਸ ਦਾ ਸ਼ਕਤੀ ਸ਼ਰੂਪ, ਉਸ ਦੇ ਭਗਤੀ ਸ਼ਰੂਪ ਨਾਲੋ ਵੱਖ ਨਹੀਂ ਸੀ । ਜਿਥੇ ਉਹ ਇਕ ਅਕਾਲਪੁਰਖ ਦਾ ਭਗਤ ਸੀ ਉਥੇ ਹੀ ਉਹ , ਜੁਲਮ ਦੇ ਖਿਲਾਫ ਲੜਣ ਵਾਲਾ ਗੁਰੂ ਦਾ ਤਿਆਰ ਬਰ ਤਿਆਰ ਫੌਜੀ ਵੀ ਸੀ। ਜੰਗ ਲੜਦਿਆਂ ਵੀ ਉਹ ਅਪਣੇ ਸ਼ਬਦ ਗੁਰੂ ਨਾਲੋਂ ਕਦੀ ਵੀ ਨਹੀਂ ਟੁਟਿਆ । ਇਹੀ ਕਾਰਣ ਸੀ ਕਿ, ਕਈ ਜਿਦੋਜਹਿਦਾਂ ,ਘੱਲੂਘਾਰੇ ਅਤੇ ਸ਼ਹਾਦਤਾਂ ਵੀ ਇਕ ਸਿੱਖ ਦੀ ਹੋਂਦ ਨੂੰ ਖਤਮ ਨਹੀਂ ਕਰ ਸਕੀਆਂ , ਭਾਵੇਂ ਅੱਜ ਦਾ ਸਿੱਖ ਅਪਣੇ ਸ਼ਬਦ ਗੁਰੂ ਨਾਲੋਂ ਟੁੱਟ ਰਿਹਾ ਹੈ , ਅਤੇ ਲਗਾਤਾਰ ਤੋੜਿਆ ਜਾ ਰਿਹਾ ਹੈ । ਸ਼ਬਦ ਗੁਰੂ ਤੇ ਹੀ ਸ਼ੰਕੇ ਖੜੇ ਕੀਤੇ ਜਾ ਰਹੇ ਨੇ, , ਇਸ ਲਈ ਉਸ ਦੀ ਹੋਂਦ ਹੁਣ ਖਤਰੇ ਵਿੱਚ ਪੈ ਚੁਕੀ ਹੈ। ਖੈਰ, ਇਸ ਲੇਖ ਦਾ ਇਹ ਵਿਸ਼ਾ ਨਹੀਂ ਹੈ , ਅਗੇ ਤੁਰਦੇ ਹਾਂ।
ਗੁਰੂ ਕੀਆ ਫੌਜਾਂ ਜੰਗ ਲੜਦੀਆਂ , ਮੈਦਾਨਾਂ ਅਤੇ ਜੰਗਲਾਂ ਵਿੱਚ ਵਿੱਚਰਦੀਆਂ ਸਨ, ਘਰ ਬਾਹਰ ਤੋਂ ਦੂਰ ਉਹ ਜੰਗ ਦੇ ਮੈਦਾਨਾਂ ਵਿੱਚ ਹੀ ਪੜਾਂਅ ਪਾਂਉਦੀਆਂ ਸਨ, ਲੇਕਿਨ ਉਹ ਅਪਣੇ ਸ਼ਬਦ ਗੁਰੂ ਤੋਂ ,ਅਪਣੇ ਆਪ ਨੂੰ ਕਦੀ ਵੀ ਉਹਲੇ ਨਹੀਂ ਸਨ ਕਰਦੀਆਂ। ਜੰਗ ਦੇ ਮੈਦਾਨਾਂ ਵਿੱਚ ਅਪਣੇ ਕੈਂਪਾਂ ਅਤੇ ਤੰਬੂਆਂ ਵਿੱਚ ਵੀ ਸ਼ਬਦ ਗੁਰੂ ਦਾ ਪ੍ਰਕਾਸ਼ ਕਰਦੀਆਂ ਸਨ। ਅੱਜ ਵੀ ਭਾਰਤੀ ਫੌਜਾਂ ਵਿੱਚ ਜਿੱਥੇ ਵੀ "ਸਿੱਖ ਰੇਜੀਮੇਂਟ" ਦੀ ਬ੍ਰਿਗੇਡ ਹੂੰਦੀ ਹੈ, ਉੱਥੇ ਰੇਜੀਮੇਂਟ ਦੇ ਅੰਦਰ ਵੀ ਗੁਰਦੁਆਰਾ ਸਾਹਿਬ ਜਰੂਰ ਹੁੰਦੇ ਨੇ , ਗੁਰੂ ਦਾ ਪ੍ਰਕਾਸ਼ ਜਰੂਰ ਹੁੰਦਾ ਹੈ। ਕਿਉ ਕਿ ਸਿੱਖ ਦਾ ਸਭ ਕੁਝ , ਸ਼ਬਦ ਗੁਰੂ ਹੀ ਤਾਂ ਹੈ ।ਸਿੱਖ ਕਿਥੇ ਵੀ ਰਹੇ , ਜੇ ਉਹ ਸ਼ਬਦ ਗੁਰੂ ਨਾਲ ਜੁੜਿਆ ਹੈ , ਤਾਂ ਹੀ ਉਸ ਦੀ ਹੋਂਦ ਸੁਰਖਿਅਤ ਹੈ, ਜੇ ਉਹ ਸ਼ਬਦ ਗੁਰੂ ਤੋਂ ਟੁੱਟ ਗਇਆ ਤਾਂ ਉਹ ਮਿੱਟ ਜਾਵੇਗਾ।

ਸਿੱਖ ਫੋਜ ਜਿੱਥੇ ਵੀ ਵਿਚਰਦੀ, ਉਸ ਦੇ ਸ਼ਬਦ ਗੁਰੂ ਉਸ ਦੇ ਨਾਲ ਹੀ ਹੁੰਦੇ ਸਨ। ਉਨਾਂ ਦੇ ਉਹ ਹੀ ਕੈਂਪ ਹੁੰਦੇ ਸਨ ਅਤੇ ਉਹ ਹੀ ਉਨਾਂ ਦੇ ਗੁਰਦੁਆਰੇ। ਇਹ ਗੁਰੂ ਕੀਆਂ ਫੌਜਾਂ ਉਥੇ ਅਪਣਾਂ ਉੱਚਾਂ ਨਿਸ਼ਾਨ ਵੀ ਸਥਾਪਿਤ ਕਰਦੀਆਂ ਸਨ ।ਇਸਦੇ ਉਹ ਹੀ ਤਿਨ ਮੁੱਖ ਕਾਰਣ ਸਨ, "ਅਪਣੀ ਹੋਂਦ ਅਤੇ ਮੌਜੂਦਗੀ ਨੂੰ ਦਰਸਾਉਣਾਂ", "ਅਪਣੀ ਜਿੱਤ ਜਾਂ ਵਿਜੈ ਨੂੰ ਦਰਸਾਉਣਾਂ" ,"ਅਪਣੀ ਵਖਰੀ ਪਹਿਚਾਨ ਨੂੰ ਦਰਸਾਉਣਾਂ" । ਨਿਸ਼ਾਨ ਦੀ ਇਹ ਹੀ ਪ੍ਰਥਾ ਅਤੇ ਪਰੰਪਰਾ ਅੱਜ ਵੀ ਗੁਰੂ ਘਰਾਂ ਵਿੱਚ ਮੌਜੂਦ ਹੈ।

ਸਿੱਖੀ ਦਾ ਉਹ "ਨਿਸ਼ਾਨ" ਜਾਂ "ਝੰਡਾ", "ਨਿਸ਼ਾਨ ਸਾਹਿਬ" ਬਣ ਗਇਆ ? ਇਸ ਬਾਰੇ ਵੀ ਬਹਿਸ ਹੁੰਦੀ ਵੇਖੀ ਜਾਂਦੀ ਹੈ। ਕਈ ਲੋਕ ਤੇ "ਨਿਸ਼ਾਨ ਸਾਹਿਬ" ਨਾਲ "ਸਾਹਿਬ" ਸ਼ਬਦ ਦੀ ਵਰਤੋਂ ਕਰਣ 'ਤੇ ਵੀ ਇਤਰਾਜ ਕਰਦੇ ਵੇਖੇ ਜਾਂਦੇ ਹਨ, ਜੋ ਬਿਲਕੁਲ ਹੀ ਬੇਲੋੜੀ ਅਤੇ ਮਹੱਤਵ ਹੀਣ ਬਹਿਸ ਹੈ। ਇਕ ਸਿੱਖ ਦਾ ਅਪਣੇ ਗੁਰੂ ਪ੍ਰਤੀ ਜੋ ਸਤਕਾਰ ਹੈ , ਉਹ ਕਿਸੇ ਧਰਮ ਵਿੱਚ ਅਪਣੇ ਧਾਰਮਿਕ ਗ੍ਰੰਥਾਂ ਪ੍ਰਤੀ ਨਹੀਂ ਵੇਖਿਆ ਜਾਂਦਾ ਕਿਉ ਕਿ "ਸ਼ਬਦ ਗੁਰੂ ਸਾਹਿਬ " ਇਕ ਧਾਰਮਿਕ ਗ੍ਰੰਥ ਨਾਂ ਹੋ ਕੇ ਇਕ ਸਿੱਖ ਲਈ ਦਸ ਗੁਰੂ ਸਾਹਿਬਾਨ ਦਾ ਹੀ ਜਾਗ੍ਰਿਤ ਸਰੂਪ ਹੈ । ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿਚ ਜੋ ਵਸਤੂਆਂ ਸੰਬੰਧਿਤ ਹਣ ਉਨਾਂ ਅਗੇ ਜੇ ਉਹ ਆਦਰ ਨਾਲ ਆਦਰ ਸੂਚਕ "ਸਾਹਿਬ" ਸ਼ਬਦ ਦੀ ਵਰਤੋਂ ਕਰਦਾ ਹੈ ਤਾਂ ਇਸ ਵਿੱਚ ਕੀ ਬੁਰਾਈ ਹੈ, ਇਸ ਨਾਲ ਗੁਰਮਤਿ ਦਾ ਕੇੜ੍ਹਾ ਕੋਈ ਨੁਕਸਾਨ ਹੋ ਜਾਂਦਾ ਹੈ ? ਗੁਰੂ ਘਰ ਦਾ ਇਕ ਹਿੱਸਾ ਬਣ ਚੁਕੇ "ਨਿਸ਼ਾਨ" ਨਾਲ "ਸਾਹਿਬ" ਸ਼ਬਦ ਦੀ ਵਰਤੋਂ ਉਸ ਨਿਸ਼ਾਨ ਜਾਂ ਝੰਡੇ ਪ੍ਰਤੀ ਆਦਰ ਦਾ ਹੀ ਤਾਂ ਪ੍ਰਤੀਕ ਹੈ , ਜੋ ਸਾਡੀ ਵਖਰੀ ਹੋਂਦ, ਵਖਰੀ ਪਹਿਚਾਨ ਅਤੇ ਮੌਜੂਦਗੀ ਨੂੰ ਦਰਸਾਂਉਦਾ ਹੈ ।


















ਨਿਸਾਨ ਸਾਹਿਬ ਦੇ ਰੰਗਾਂ ਬਾਰੇ ਵੀ ਬਹੁਤ ਸਾਰੇ ਸ਼ੰਕੇ ਹਨ, ਅਤੇ ਅੱਜ ਵੀ ਬਹਿਸ ਦਾ ਵਿਸ਼ਾ ਬਣੇ ਹੋਏ ਹਨ। ਕੁਝ ਵਿਦਵਾਨਾਂ ਦਾ ਕਹਿਨਾਂ ਹੈ ਕਿ ਅੱਜ ਵਾਲਾ ਕੇਸਰੀ ਪੀਲੇ ਰੰਗ ਵਾਲਾ ਨਿਸ਼ਾਨ ਪਹਿਲਾ ਨੀਲੇ ਰੰਗ ਦਾ ਸੀ ਆਦਿਕ। ਲੇਕਿਨ ਦੋਹਾਂ ਹੀ ਰੰਗਾਂ ਵਿਚ ਖਾਲਸਾਈ ਲੋਗੋ "ਖੰਡਾ" ਜਰੂਰ ਮੌਜੂਦ ਹੈ। ਰੰਗਾ ਵਿੱਚ ਬਦਲਾਵ ਦਾ ਇਕੋ ਇਕ ਕਾਰਣ ਨਜਰ ਆਂਉਦਾ ਹੈ।  ਉਹ ਇਹ ਹੈ , ਕਿ ਸਿੱਖੀ ਵਿੱਚ , ਹਮੇਸ਼ਾਂ ਹੀ , ਪੰਥ ਦੋਖੀ ਅਨਸਰਾਂ ਦੀ ਘੁਸਪੈਠ ਹੂੰਦੀ ਰਹੀ ਹੈ। ਨਾਮਧਾਰੀਆਂ ਦੇ ਗੁਰਦੁਆਰਿਆਂ ਵਿੱਚ "ਚਿੱਟੇ ਰੰਗ" ਦਾ "ਨਿਸ਼ਾਨ" ਲਗਿਆ ਹੋਇਆ ਹੈ।  ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂਕਰਦੇ ਨੇ ,ਲੇਕਿਨ ਨਿਸ਼ਾਨ ਸਾਹਿਬ ਨਾ ਕੇਸਰੀ ਹੈ ਅਤੇ ਨਾਂ ਹੀ ਨੀਲਾ। ਇਨਾਂ ਦੇ ਕਈ ਗੁਰਦੁਆਰਿਆ ਵਿੱਚ ਮੈਂ ਆਪ ਜਾ ਕੇ ਵੇਖਿਆ ਹੈ।ਇਸੇ ਤਰ੍ਹਾਂ ਕਲ ਨੂੰ ਕੋਈ ਡੇਰੇ ਵਾਲਾ ਜਾਂ ਸੰਪ੍ਰਦਾਈ ਕਾਲਾ ਨਿਸ਼ਾਨ ਲਾ ਦੇਵੇ ਤਾਂ ਵੀ ਕੋਈ ਹੈਰਾਣਗੀ ਵਾਲੀ ਗਲ ਨਹੀਂ ਹੋਵੇਗੀ ।
ਸਿੱਖੀ ਵਿਚ ਆ ਚੁਕੇ ਅਵੇਸਲੇਪਣ ਅਤੇ ਅਣਗਹਲੀ ਕਾਰਣ ਜੇ ਪੰਜਾਬ ਦੇ ਮਸਤੁਆਨਾ ਕਸਬੇ ਵਿੱਚ ਦਰਬਾਰ ਸਾਹਿਬ ਦੀ ਨਕਲ ਵਾਲਾ ਗੁਰਦੁਆਰਾ ਬਣ ਸਕਦਾ ਹੈ , ਤਾਂ ਨਿਸ਼ਾਨ ਸਾਹਿਬ ਦਾ ਰੰਗ ਬਦਲ ਜਾਂਣਾਂ ਕੋਈ ਬਹੁਤ ਵੱਡੀ ਗਲ ਨਹੀਂ। ਐਸੇ ਪੰਥ ਵਿਰੋਧੀ ਕੰਮ ਵੀ ਕਿਤੇ ਦੂਰ ਦਰਾਡੇ ਨਹੀਂ, ਬਲਕਿ ਉਥੇ ਹੀ ਹੁੰਦੇ ਨੇ, ਜਿੱਥੇ ਸਿੱਖਾਂ ਕੋਲ ਸਿਆਸੀ ਪਾਵਰ ਹੈ , ਅਤੇ ਸਿੱਖਾਂ ਦਾ ਗੜ੍ਹ ਹੈ। ਇਸੇ ਤਰ੍ਹਾਂ ਸਿੱਖੀ ਵਿੱਚ ਖੂੰਬਾਂ ਵਾਂਗ ਉਗ ਆਏ ਡੇਰੇ ਅਤੇ ਸੰਮਪ੍ਰਦਾਵਾਂ ਨੇ ਆਪੋ ਆਪਣੇ ਰੰਗ ਦੇ ਨਿਸ਼ਾਨ ਬਣਾਂ ਲਏ।
ਹੁਣ ਤਾਂ ਬ੍ਰਾਹਮਣਵਾਦੀ ਤਾਕਤਾਂ ਦੇ ਪ੍ਰਭਾਵ ਹੇਠ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਨਿਸ਼ਾਨਾਂ ਦਾ ਰੰਗ ਵੀ "ਕੇਸਰੀ" ਤੋਂ "ਭਗਵਾ" ਕਰ ਦਿਤਾ ਗਇਆ ਹੈ । ਇਸ ਬਾਰੇ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਕੱੜ ਸਾਹਿਬ ਨੂੰ ਲਿਖਿਤ ਅਤੇ ਜੁਬਾਨੀ ਸਵਾਲ ਕੀਤਾ, ਤਾਂ ਉਨਾਂ ਨੇ ਇਹ ਕਹਿ ਕੇ ਟਾਲ ਦਿਤਾ ਕਿ, "....ਮੈਨੂੰ ਤਾਂ ਇਸ ਗਲ ਦਾ ਪਤਾ ਹੀ ਨਹੀਂ, ਤੁਹਾਡੇ ਮੂਹੋਂ ਪਹਿਲੀ ਵਾਰ ਹੀ ਸੁਣ ਰਿਹਾ ਹਾਂ ਕਿ ਨਿਸ਼ਾਨਾਂ ਦਾ ਰੰਗ "ਕੇਸਰੀ" ਤੋਂ "ਭਗਵਾ" ਹੋ ਗਇਆ ਹੈ , ਫਿਰ ਵੀ ਹੁਣ ਠੇਕੇਦਾਰ ਨੂੰ ਇਸ ਬਾਰੇ ਤਾਕੀਦ ਕਰ ਦਿਤੀ ਜਾਵੇਗੀ, ਜਿਸਨੇ ਇਨਾਂ ਨਿਸ਼ਾਨਾਂ ਦਾ ਠੇਕਾ ਲਿਆ ਹੋਇਆ ਹੈ ....।" ਇਸੇ ਤਰ੍ਹਾਂ ਸਿੱਖਾਂ ਦੀ ਅਨਗਹਿਲੀ ਅਤੇ ਅਵੇਸਲੇਪਣ ਦਾ ਨਤੀਜਾ ਹੈ ਜੋ "ਨਿਸ਼ਾਨ ਸਾਹਿਬ" ਦੇ ਰੰਗਾਂ ਵਿੱਚ ਹੌਲੀ ਹੌਲੀ ਬਦਲਾਅ ਹੁੰਦਾ ਗਇਆ ।

ਕੌਮ ਦੇ ਮੋਹਤਬਰਾਂ ਨੂੰ ਹੁਣ ਫੌਰਨ ਹੀ ਇਹ ਤੈਅ ਕਰ ਲੈਣਾਂ ਚਾਹੀਦਾ ਹੈ ਕਿ ਸਿੱਖੀ ਵਿੱਚ "ਨਿਸ਼ਾਨ ਸਾਹਿਬ" ਦਾ ਰੰਗ "ਨੀਲਾ" ਰਹਿਣਾਂ ਹੈ ਜਾਂ "ਕੇਸਰੀ ਪੀਲਾ"। ਕਿਉ ਕਿ ਕਿਸੇ ਵੀ ਕੌਮ, ਦੇਸ਼ , ਸਲਤਨਤ ਅਤੇ ਕਬੀਲੇ ਦੇ ਨਿਸ਼ਾਨ ਅੱਡ ਅੱਡ ਰੰਗ ਦੇ ਨਹੀਂ ਹੋ ਸਕਦੇ । ਰੰਗ ਤਾਂ ਬਹੁਤ ਦੂਰ ਦੀ ਗਲ ਹੈ ਉਸ ਦੇ ਡਿਜਾਈਨ ਵਿੱਚ ਕੋਈ ਵੀ ਬਦਲਾਅ ਨਹੀਂ ਕਿਤਾ ਜਾ ਸਕਦਾ। ਇਸ ਬਾਰੇ ਵਿਦਾਵਨਾਂ ਨੂੰ ਬਹੁਤ ਹੀ ਛੇਤੀ ਕੋਈ ਕਦਮ ਚੁਕ ਲੈਂਣਾਂ ਚਾਹੀਦਾ ਹੈ, ਨਹੀਂ ਤਾਂ ਇਹ ਮੁੱਦਾ, ਭਵਿਖ ਵਿੱਚ , ਇਕ ਹੋਰ ਨਵੀਂ ਦੁਬਿਧਾ ਦਾ ਕਾਰਣ ਬਣ ਸਕਦਾ ਹੈ।
ਸਾਡੇ ਸ਼ਹਿਰ ਵਿੱਚ ਕਿਸੇ ਸਿੱਖ ਵੀਰ ਦੇ ਘਰ ਅਸੀਂ ਗਏ । ਉਨਾਂ ਨੇ ਅਪਣੇ ਘਰ ਨਿਸ਼ਾਨ ਸਾਹਿਬ ਲਗਾਏ ਹੋਏ ਸੀ । ਮੇਰੇ ਇਕ ਮਿੱਤਰ ਨੇ ਮੇਰੇ ਕੋਲੋਂ ਸਵਾਲ ਕੀਤਾ ਕਿ ਵੀਰ ਜੀ , " ਕੀ ਹਰ ਸਿੱਖ ਅਪਣੇ ਘਰ ਨਿਸ਼ਾਨ ਸਾਹਿਬ ਲਾ ਸਕਦਾ ਹੈ ? ਉਸ ਵੇਲੇ ਤਾਂ ਮੈਂ ਉਸ ਨੂੰ ਕਹਿ ਦਿਤਾ ਕਿ ਮੇਰੇ ਹਿਸਾਬ ਨਾਲ ਤਾਂ , ਜਿਸ ਸਿੱਖ ਦੇ ਘਰ ਸ਼ਬਦ ਗੁਰੂ ਸਾਹਿਬ ਦਾ ਪ੍ਰਕਾਸ਼ ਹੈ , ਉਹ ਲਾ ਸਕਦਾ ਹੈ । ਲੇਕਿਨ ਬਾਦ ਵਿੱਚ ਇਸ ਬਾਰੇ ਬਹੁਤ ਸੋਚਦਾ ਰਿਹਾ । ਅਖੀਰ ਵਿੱਚ ਇਸ ਨਤੀਜੇ ਤੇ ਪੰਹੁਚਿਆ ਕਿ ਜੇ ਇਕ ਸਿੱਖ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਵਖਰੇ ਕਮਰੇ ਜਾਂ ਸਥਾਨ ਤੇ ਹੈ, ਜਿਥੇ ਕੋਈ ਵੀ ਸਿੱਖ ਆ ਕੇ ਸ਼ਬਦ ਗੁਰੂ ਦਾ ਸੰਗ ਪ੍ਰਾਪਤ ਕਰ ਸਕਦਾ ਹੋਵੇ। ਅਤੇ ਉਹ ਘਰ ਜਾਂ ਪਰਿਵਾਰ ਵਾਲੇ ਇਸ ਗਲ ਤੋਂ ਸਮਰੱਥ ਅਤੇ ਸਹਿਮਤ ਹੋਣ , ਕਿ ਪੰਜ ਦਸ ਪਰਦੇਸੀ ਸਿੱਖਾਂ ਦੇ ਰਹਿਣ , ਇਸਨਾਨ ਅਤੇ ਲੰਗਰ ਪਾਣੀ ਦੀ ਸੇਵਾ ਕਿਸੇ ਵਕਤ ਵੀ ਕਰ ਸਕਦੇ ਹੋਣ, ਤਾਂ ਉਸ ਨੂੰ ਅਪਣੇ ਘਰ ਉਪਰ ਨਿਸ਼ਾਨ ਸਾਹਿਬ ਜਰੂਰ ਲਗਾਉਣਾਂ ਚਾਹੀਦਾ ਹੇ , ਕਿਉਕਿ ਉਸ ਨਾਲ ਨਿਸ਼ਾਸ ਸਾਹਿਬ ਲਾਉਣ ਦਾ ਮਕਸਦ ਵੀ ਪੂਰਾ ਹੋ ਜਾਂਦਾ ਹੈ। ਐਸੇ ਸਿੱਖ ਦੇ ਘਰ ਨਿਸ਼ਾਨ ਸਾਹਿਬ ਇਸ ਗਲ ਦਾ ਪ੍ਰਤੀਕ ਹੋਵੇਗਾ ਕਿ ਇਹ ਗੁਰੂ ਦੇ ਸਿੱਖ ਦਾ ਘਰ ਹੈ , ਜਿਥੇ ਕੋਈ ਵੀ ਪਰਦੇਸੀ , ਜਰੂਰਤ ਮੰਦ ਸਿੱਖ ਪਨਾਹ ਅਤੇ ਸ਼ਰਣ ਪਾ ਸਕਦਾ ਹੈ। ਇਕ ਗਲ ਦਾ ਧਿਆਨ ਰਹੇ ਕਿ ਨਿਸ਼ਾਨ ਸਾਹਿਬ ਨੂੰ ਉਹ ਸਿੱਖ ਅਪਣੇ ਘਰ ਵਿੱਚ ਸਭਤੋਂ ਉੱਚੇ ਸਥਾਨ ਤੇ ਲਾਵੇ , ਤਾਂਕਿ ਕਿਸੇ ਵੀ ਪਰਦੇਸੀ ਜਾਂ ਜਰੂਰਤ ਮੰਦ ਸਿੱਖ ਦੀ ਨਿਗਾਹ ਦੂਰੋਂ ਹੀ ਉਸ ਤੇ ਪੈ ਸਕੇ। ਸਿੱਖ ਫੋਜਾਂ ਵੀ ਤਾਂ ਅਪਣੇ ਕੈਂਪਾਂ ਵਿੱਚ ਇਸੇ ਕਰਕੇ ਨਿਸ਼ਾਨ ਸਾਹਿਬ ਲਾਉਦੀਆਂ ਸਨ , ਕਿ ਜੋ ਫੌਜੀ ਜੰਗ ਵਿੱਚ ਵਿਛੜ ਗਏ ਹੋਣ , ਜਾਂ ਜਖਮੀ ਹੋ ਕੇ ਕਿਤੇ ਗਵਾਚ ਗਏ ਹੋਣ , ਉਹ ਅਪਣੇ ਫੌਜੀ ਠਿਕਾਣਿਆਂ ਵੱਲ , ਅਪਣੀ ਫੌਜ ਦਾ ਨਿਸ਼ਾਨ ਦੂਰੋਂ ਹੀ ਵੇਖ ਕੇ ਉਥੇ ਪੁਜ ਸਕਣ।

ਵੀਰੋ! ਸਿੱਖੀ ਦੀ ਅਪਣੀ ਵਖਰੀ ਪਹਿਚਾਨ , ਹੋਂਦ, ਜਿੱਤ (ਚੜ੍ਹਦੀਕਲਾ) ਅਤੇ ਮੌਜੂਦਗੀ ,ਦਾ ਪ੍ਰਤੀਕ, ਨਿਸ਼ਾਨ ਸਾਡੇ ਲਈ "ਨਿਸ਼ਾਨ ਸਾਹਿਬ" ਹੈ । ਸਾਨੂੰ ਇਸ ਦੀ ਕਦਰ ਕਰਨੀ ਹੈ , ਅਤੇ ਇਸ ਦਾ ਆਦਰ ਕਰਨਾਂ ਹੈ। ਇਸ ਦੀ ਅਹਮਿਅਤ, ਜਰੂਰਤ ਅਤੇ ਮਕਸਦ ਨੂੰ ਸਮਝਣਾਂ ਹੈ। ਇਸ ਅੱਗੇ ਮੱਥੇ ਟੇਕ ਕੇ ਗੁਰਮਤਿ ਦਾ ਅਪਮਾਨ ਨਹੀਂ ਕਰਨਾਂ ਹੈ।ਕਦਰ ਕਰਨੀ ਅਤੇ ਮੱਥਾ ਟੇਕਣ ਵਿੱਚ ਬਹੁਤ ਵਡਾ ਫਰਕ ਹੁੰਦਾ ਹੈ । ਇਸ ਫਰਕ ਨੂੰ ਸਮਝਣਾਂ ਚਾਹੀਦਾ ਹੈ। ਇਸਦੀ ਅਹਿਮਿਅਤ ਅਤੇ ਕਦਰ ਨੂੰ ਸਮਝਦਿਆਂ ਹੀ ਤਾਂ ਅਸੀਂ ਅਪਣੀ ਰੋਜ ਪੜ੍ਹੀ ਜਾਨ ਵਾਲੀ ਅਰਦਾਸ ਵਿੱਚ ਵੀ "ਝੰਡੇ ਬੂੰਗੇ ਜੁਗੋ ਜੁੱਗ ਅਟੱਲ ਰਹਿਣ" ਦੀ ਅਰਦਾਸ ਕਰਦੇ ਹਾਂ ।