ਹੋਰ ਵਿਦਵਾਨਾਂ ਦੇ ਚੋਣਵੇਂ ਲੇਖ

ਨਿੱਕੇ ਨਿੱਕੇ ਬਾਦਲ
-: ਨਿਰਮਲ ਸਿੰਘ ਕੰਧਾਲਵੀ

ਹਰਿਆਣੇ ਦੀ ਚੋਣ ਨੇ ਪੰਜਾਬ ਦੇ ਰਾਜਨੀਤਕ ਹਾਲਾਤਾਂ ਉੱਪਰ ਬਹੁਤ ਡੂੰਘਾ ਅਸਰ ਪਾਇਆ ਹੈ। ਭਾਜਪਾ ਨੂੰ ਜੇਤਲੀ ਦੀ ਹਾਰ ਹੀ ਅਜੇ ਭੁੱਲੀ ਨਹੀਂ ਸੀ, ਜਿਸ ਵਿਚ ਉਹ ਅਕਾਲੀ ਪਾਰਟੀ ਨੂੰ ਦੋਸ਼ੀ ਠਹਿਰਾਉਂਦੇ ਹਨ, ਕਿ ਬਾਦਲਾਂ ਵਲੋਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਚੌਟਾਲਿਆਂ ਦੀ ਨੰਗੀ-ਚਿੱਟੀ ਮਦਦ ਕਰਨ ਨਾਲ਼ ਭਾਜਪਾ ਅੱਗ ‘ਤੋਂ ਦੀ ਲੇਟ ਰਹੀ ਹੈ ਅਤੇ ਬਾਦਲ ਹੁਣ ਜਿੰਨਾ ਮਰਜ਼ੀ ਕਹੀ ਜਾਣ ਕਿ ਸਾਡਾ ਉਹਨਾਂ ਨਾਲ਼ ਨੌਂਹ-ਮਾਸ ਦਾ ਰਿਸ਼ਤਾ ਹੈ ਜਾਂ ਪਤੀ ਪਤਨੀ ਵਾਲ਼ਾ ਹੈ, ਭਾਜਪਾ ਅੰਦਰੋ ਅੰਦਰੀ ਤੋੜ ਵਿਛੋੜੇ ਦੀਆਂ ਤਿਆਰੀਆਂ ਕਰ ਰਹੀ ਹੈ। ਉਹਨਾਂ ਦੇ ਛੋਟੇ ਵੱਡੇ ਲੀਡਰਾਂ ਦੇ ਨਿੱਤ ਦੇ ਬਿਆਨ ਇਸ ਗੱਲ ਦੀ ਤਰਜਮਾਨੀ ਕਰਦੇ ਹਨ। ਭਾਜਪਾ ਪੰਜਾਬ ਵਿਚ ਆਪਣੇ ਆਪ ਨੂੰ ਅਕਾਲੀਆਂ ਦੀ ਗ਼ੁਲਾਮ ਸਮਝਣ ਲੱਗ ਪਈ ਹੈ ਤੇ ਹੁਣ ਉਹ ਇਸ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਕਾਹਲੀ ਹੈ ਕਿਉਂਕਿ ਦਿੱਲੀ ਦੇ ਤਖ਼ਤ ‘ਤੇ ਉਸ ਦਾ ਸੰਪੂਰਨ ਕੰਟਰੋਲ ਹੈ।

ਅਸੀਂ ਸਿਰਫ਼ ਪੰਜਾਬ ਦੀ ਹੀ ਗੱਲ ਕਰਾਂਗੇ। ਪੰਜਾਬ ਜੀਊਂਦਾ ਗੁਰਾਂ ਦੇ ਨਾਮ ‘ਤੇ ਦੇ ਸਿਧਾਂਤ ਨੂੰ ਖੋਰਾ ਲਾਉਣ ਲਈ ਸਿੱਖ ਵਿਰੋਧੀ ਤਾਕਤਾਂ ਕਾਫ਼ੀ ਦੇਰ ਤੋਂ ਅੰਦਰੋ ਅੰਦਰੀ ਸਰਗ਼ਰਮ ਹਨ, ਜਿਸ ਨੂੰ ਹੁਲਾਰਾ ਦੇਣ ਲਈ ਸਾਧਾਂ ਦੇ ਡੇਰੇ, ਰਾਜਨੀਤਕ ਤਾਕਤ ਹਾਸਲ ਕਰਨ ਦੇ ਭੁੱਖੇ ਲੋਕ, ਪਦਵੀਆਂ ਤੇ ਮਾਇਆ ਦੇ ਗੱਫਿਆਂ ਦੇ ਹਾਬੜੇ ਲੋਕ ਨਿਤ ਦਿਹਾੜੇ ਸਿੱਖ ਵਿਰੋਧੀ ਸ਼ਕਤੀਆਂ ਦੇ ਕੁਹਾੜੇ ‘ਚ ਦਸਤੇ ਬਣ ਕੇ ਸਿੱਖ ਸਿਧਾਂਤ ਰੂਪੀ ਬਿਰਛ ਦੀਆਂ ਜੜ੍ਹਾਂ ‘ਤੇ ਵਾਰ ਕਰ ਰਹੇ ਹਨ। ਕੇਂਦਰ ਵਿਚ ਭਾਜਪਾ ਨੂੰ ਸੰਪੂਰਨ ਬਹੁਮੱਤ ਮਿਲਣ ਨਾਲ਼ ਸ਼ਹਿਰੀ ਹਿੰਦੂ ਵੋਟ ਤਕਰੀਬਨ ਸਾਰੀ ਉਸ ਵਲ ਉੱਲਰ ਗਈ ਹੈ। ਭਾਜਪਾ ਨੂੰ ਪਤਾ ਹੈ ਪੰਜਾਬ ਦੇ ਪੇਂਡੂ ਇਲਾਕੇ ਅਕਾਲੀਆਂ ਦੇ ਵੋਟ ਬੈਂਕ ਹਨ। ਪਿੰਡਾਂ ਵਿਚ ਕਿਸੇ ਸਿੱਖ ਨੂੰ ਵੀ ਪੁੱਛੋ ਕਿ ਵੋਟ ਕਿਸ ਨੂੰ ਪਾਉਣੀ ਹੈ ਉਹ ਕਹੇਗਾ ਕਿ ਪੰਥ ਨੂੰ ਭਾਵੇਂ ਕਿ ਇਹ ਪੰਥ ਦੇ ਰਖਵਾਲੇ ਪੰਥ ਨੂੰ ਰਸਾਤਲ ਵਲ ਹੀ ਲਿਜਾ ਰਹੇ ਹਨ।
ਸੋ, ਭਾਜਪਾ ਹੁਣ ਨਵੇਂ ਪੈਂਤੜੇ ਲੱਭ ਰਹੀ ਹੈ ਕਿ ਉਹ ਪਿੰਡਾਂ ‘ਚ ਆਪਣਾ ਆਧਾਰ ਕਿਵੇਂ ਬਣਾਵੇ?

ਹੋਰ ਕਈ ਪੈਂਤੜਿਆਂ ‘ਚੋਂ ਇਕ ਪੈਂਤੜਾ ਉਸ ਨੇ ਇਹ ਅਪਣਾਇਆ ਹੈ ਕਿ ਸਿੱਖੀ ਸਰੂਪ ਵਾਲ਼ਿਆਂ ਨੂੰ ਭਾਜਪਾ ਦੇ ਆਗੂ ਬਣਾ ਕੇ ਮੂਹਰੇ ਕੀਤਾ ਜਾਵੇ। ਅੱਜ ਸਿੱਖੀ ਕਿਰਦਾਰ ਦਾ ਬਹੁਤ ਪਤਨ ਹੋ ਚੁੱਕਾ ਹੈ, ਨਵਾਬੀਆਂ ਨੂੰ ਠੋਕਰਾਂ ਮਾਰਨ ਵਾਲ਼ੇ ਸਿੱਖ ਸਰਦਾਰ ਤਾਂ ਦੀਵਾ ਬਾਲ਼ਿਆਂ ਵੀ ਕਿਤੇ ਨਜ਼ਰ ਨਹੀਂ ਆਉਂਦੇ। ਹੁਣ ਤਾਂ ਅਸੀਂ ਨਿੱਕੀਆਂ ਨਿੱਕੀਆਂ ਚੌਧਰਾਂ ਲਈ ਲੇਲੜ੍ਹੀਆਂ ਕੱਢਦੇ ਫਿਰਦੇ ਹਾਂ। ਜਿਲ੍ਹਾ ਪੱਧਰ ਤਾਂ ਦੂਰ ਪਿੰਡ ਪੱਧਰ ਦੀਆਂ ਚੌਧਰਾਂ ਹੀ ‘ਤਾਕਤ’ ਦਾ ਕੇਂਦਰ ਬਣਾ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ‘ਚ ਬੈਠੇ ਬਾਬੂ ਇਹਨਾਂ ਚੌਧਰੀਆਂ ਦੀ ਸਿਫ਼ਾਰਸ਼ ਬਿਨਾਂ ਕਿਸੇ ਦਾ ਕੰਮ ਨਹੀਂ ਕਰਦੇ। ਪੰਜਾਬ ਦੇ ਥਾਣਿਆਂ ਦੀ ਮਿਸਾਲ ਸਾਡੇ ਸਾਹਮਣੇ ਹੈ ਕਿ ਜਥੇਦਾਰਾਂ ਦੀ ਮਰਜ਼ੀ ਨਾਲ਼ ਹੀ ਰਿਪੋਰਟਾਂ ਦਰਜ ਹੁੰਦੀਆਂ ਹਨ। ਕਿਹੜਾ ਮਨੁੱਖ ਹੈ ਜਿਹੜਾ ਇਹੋ ਜਿਹੀ ‘ਤਾਕਤ’ ਦਾ ਸੁਖ ਨਹੀਂ ਭੋਗਣਾ ਚਾਹੇਗਾ? ਉਹ ਕਦ ਪਰਵਾਹ ਕਰੇਗਾ ਇਸ ਨਾਲ ਉਸ ਦੀ ਕੌਮ ਦਾ ਪਤਨ ਹੋ ਰਿਹਾ ਹੈ ਤੇ ਉਸ ਦੀ ਕੌਮ ਨੂੰ ਖੋਰਾ ਲੱਗ ਰਿਹਾ ਹੈ। ਕੋਈ ਅਣਖੀਲਾ ਯੋਧਾ ਹੀ ਇਹਨਾਂ ਲਾਲਚਾਂ ਤੋਂ ਨਿਰਲੇਪ ਰਹੇਗਾ। ਭਾਜਪਾ ਦੀ ਮਾਂ-ਜਥੇਬੰਦੀ ਕੋਲ਼ ਬੇਓੜਕ ਪੈਸਾ, ਦਿਮਾਗ਼ ਅਤੇ ਹੋਰ ਵਸੀਲੇ ਹਨ। ਹੁਣ ਤਾਂ ਉਹਨਾਂ ਨੇ ਭਾਰਤ ਦਾ ਦੂਰ-ਸੰਚਾਰ ਦਾ ਸਿਸਟਮ ਵੀ ਆਪਣੇ ਹਿਤਾਂ ਲਈ ਵਰਤਣਾ ਸ਼ੁਰੂ ਕਰ ਦਿਤਾ ਹੈ।

ਇਸ ਆਸ਼ੇ ਦੀ ਪੂਰਤੀ ਲਈ ਉਹਨਾਂ ਨੇ ਪਿੰਡਾਂ ਵਿਚੋਂ ਸਿੱਖ ਨੌਜੁਆਨਾਂ ਦੀ ਭਰਤੀ ਸ਼ੁਰੂ ਕਰ ਦਿਤੀ ਹੈ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅੰਮ੍ਰਿਤਧਾਰੀ ਜਾਂ ਕੇਸਾਧਾਰੀ ਨੌਜੁਆਨਾਂ ਨੂੰ ਨਿੱਕੇ ਨਿੱਕੇ ਅਹੁੱਦੇਦਾਰ ਬਣਾਇਆ ਜਾਵੇ ਤਾਂ ਕਿ ਉਹਨਾਂ ਨੂੰ ਰੋਲ ਮਾਡਲ ਬਣਾ ਕੇ ਹੋਰ ਸਿੱਖਾਂ ਨੂੰ ਮਗਰ ਲਗਾਇਆ ਜਾ ਸਕੇ ਜਿਵੇਂ ਤਿੱਤਰ ਫੜਨ ਵਾਲ਼ੇ ਸਿਖਾਏ ਹੋਏ ਤਿੱਤਰ ਨੂੰ ਤਿੱਤਰਾਂ ਦੇ ਝੁੰਡ ਵਿਚ ਛੱਡ ਕੇ ਸਭ ਨੂੰ ਫੜ ਲੈਂਦੇ ਹਨ। ਪਿੰਡਾਂ ਵਿਚ ਹਿੰਦੂ ਜਥੇਬੰਦੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਜਿਹਨਾਂ ਵਿਚ ਅਹੁੱਦੇਦਾਰ ਬਹੁਤੀ ਵਾਰੀ ਕਿਰਪਾਨਧਾਰੀ ਨੌਜੁਆਨ ਬਣਾਏ ਜਾ ਰਹੇ ਹਨ।
ਦਾਸ ਨੂੰ ਪਿਛਲੇ ਸਾਲ ਇਕ ਪਿੰਡ ਵਿਚ ਜਗਰਾਤਾ ਕਮੇਟੀ ਦੇ ਅਹੁੱਦੇਦਾਰਾਂ ਦੇ ‘ਦਰਸ਼ਨ’ ਕਰਨ ਦਾ ਅਵਸਰ ਮਿਲਿਆ ਜੋ ਕਿ ਸਾਰੇ ਹੀ ਅੰਮ੍ਰਿਤਧਾਰੀ ਸਨ। ਇਸੇ ਹੀ ਤਰ੍ਹਾਂ ਭਗਵੇਂ ਰੂਪ ਵਾਲ਼ੀਆਂ ਹੋਰ ਕਈ ਪ੍ਰਕਾਰ ਦੀਆਂ ਜਥੇਬੰਦੀਆਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਜਦੋਂ ਪਾਰਟੀ ਦੇ ਪ੍ਰੋਗਰਾਮਾਂ ਦੇ ਫਲੈਕਸ ਬੋਰਡ ਬਣਦੇ ਹਨ ਤਾਂ ਇਹਨਾਂ ਨਿੱਕੇ ਨਿੱਕੇ ਚੌਧਰੀਆਂ ਦੀਆਂ ਵੀ ਵੱਡੇ ਨੇਤਾਵਾਂ ਨਾਲ਼ ਬਿਲਕੁਲ ਛੋਟੀਆਂ ਛੋਟੀਆਂ ਫੋਟੋ ਛਾਪ ਦਿਤੀਆਂ ਜਾਂਦੀਆਂ ਹਨ, ਜਿਸ ਨਾਲ਼ ਇਹਨਾਂ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਇਹ ਬਹੁਤ ਵੱਡੇ ਲੀਡਰ ਬਣ ਗਏ ਹਨ, ਉਹ ਇਸ ਗੱਲ ਨੂੰ ਸਮਝਣ ਤੋਂ ਅਸਮਰੱਥ ਰਹਿੰਦੇ ਹਨ ਕਿ ਉਹਨਾਂ ਨੂੰ ਤਿੱਤਰ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ ਜਾਂ ਉਹ ਜਾਣ ਜਾਣ ਬੁਝ ਕੇ ਹੀ ਕਬੂਤਰ ਵਾਂਗ ਅੱਖਾਂ ਮੀਟ ਲੈਂਦੇ ਹਨ ਤੇ ਵਗਦੀ ਗੰਗਾ ‘ਚ ਹੱਥ ਧੋਈ ਜਾਂਦੇ ਹਨ।

ਪੰਜਾਬ ਵਿਚ ਜਦੋਂ ਦਾਸ ਨੇ ਇਸ ਬਾਰੇ ਕਿਸੇ ਨਾਲ਼ ਗੱਲ ਕੀਤੀ, ਤਾਂ ਉਸ ਨੇ ਇਹਨਾਂ ਅਖਾਉਤੀ ਆਗੂਆਂ ਬਾਰੇ ਕਿਹਾ ਸੀ ਕਿ ਜਿਵੇਂ ਸਿੱਖ ਵਿਰੋਧੀ ਤਾਕਤਾਂ ਨੇ ਬਾਦਲਾਂ ਪਾਸੋਂ ਸਿੱਖ ਸਿਧਾਂਤ ਅਤੇ ਪੰਜਾਬ ਦੇ ਮਸਲਿਆਂ ਦਾ ਘਾਣ ਕਰਵਾਇਆ ਹੈ ਉਸੇ ਤਰਜ਼ ‘ਤੇ ਉਹ ਹੁਣ ‘ਨਿੱਕੇ ਨਿੱਕੇ ਬਾਦਲ’ ਤਿਆਰ ਕਰ ਰਹੇ ਹਨ, ਕਿਉਂਕਿ ਵੱਡੇ ਬਾਦਲ ਤੋਂ ਉਹਨਾਂ ਦਾ ਮੋਹ ਭੰਗ ਹੋ ਚੁੱਕਾ ਹੈ।
ਸੁਹਿਰਦ ਸਿੱਖ ਆਗੂਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।
ਸ੍ਰੋਤ: http://khalsanews.org 30.10.14