22 November 2016



ਮਹਾਰਾਜਾ ਰਿਪੁਦੱਮਨ ਸਿੰਘ ਅਤੇ ਬੁਰਛਾਗਰਦਾਂ ਅੱਗੇ ਪੇਸ਼ ਹੋਣ ਵਾਲੇ ਅਜੋਕੇ ਸਿੱਖ !



ਇੰਦਰਜੀਤ ਸਿੰਘ ਕਾਨਪੁਰ
ਅਤੀਤ ਵਿੱਚ ਜੋ ਗੁਜ਼ਰ ਗਇਆ ਉਹ ਅੱਜ ਇਤਿਹਾਸ ਬਣ ਗਇਆ। ਵਰਤਮਾਨ ਵਿੱਚ ਜੋ ਹੋ ਰਿਹਾ ਹੈ, ਉਹ ਭਵਿਖ ਵਿੱਚ ਇਤਿਹਾਸ ਬਣੇਗਾ। ਇਤਿਹਾਸ ਕਿਸੇ ਤੇ ਤਰਸ ਨਹੀਂ ਖਾਂਦਾ, ਇਤਿਹਾਸ ਕਿਸੇ ਦੀ ਖੁਸ਼ਾਮਦ ਅਤੇ ਤਰਫਦਾਰੀ ਨਹੀਂ ਕਰਦਾ, ਇਤਿਹਾਸ ਕਿਸੇ ਦਾ ਸਮਰਥਕ ਨਹੀਂ ਹੁੰਦਾ, ਇਤਿਹਾਸ ਕੋਲ ਮੂਹ ਮੁਲਾਜਾ ਨਹੀਂ ਹੁੰਦਾ, ਇਤਿਹਾਸ ਧੱੜੇਬੰਦੀ ਨਹੀਂ ਕਰਦਾ। ਇਤਿਹਾਸ ਦੀ ਪੈਨੀ ਨਜਰ ਉਸ ਕੈਮਰੇ ਵਾਂਗ ਹੈ, ਜਿਸ ਵਿੱਚ ਇਕ ਇਕ ਘਟਨਾਂ ਤਸਵੀਰ ਬਣਕੇ ਕੈਦ ਹੋ ਜਾਂਦੀ ਹੈ। ਸਭਿਯਤਾਵਾਂ ਅਤੇ ਕੌਮਾਂ ਉਹ ਹੀ ਜਿੰਦਾ ਰਹਿੰਦੀਆਂ ਨੇ ਜੋ ਇਤਿਹਾਸ ਦੇ ਵਰਕਿਆਂ ਨੂੰ ਥਲਦੀਆਂ, ਪੜ੍ਹਦੀਆਂ ਅਤੇ ਬੀਤੇ ਅਤੀਤ ਕੋਲੋਂ, ਕੋਈ ਨਾ ਕੋਈ ਸਬਕ ਲੈਂਦੀਆਂ ਹਨ। ਜਿਨਾਂ ਕੋਮਾਂ ਦਾ ਅਪਣਾਂ ਕੋਈ ਗੌਰਵਮਈ, ਸਵੈਮਾਨ ਭਰਿਆ ਇਤਿਹਾਸ ਨਹੀਂ ਹੁੰਦਾ, ਉਹ ਕੌਮਾਂ ਇਕ ਦਿਨ ਮਰ ਜਾਂਦੀਆਂ ਨੇ, ਮੁੱਕ ਜਾਂਦੀਆ ਨੇ। ਜੇ ਅਸੀਂ ਅਪਣੇ ਪੂਰਖਿਆਂ ਦੇ ਪਾਏ ਪੂਰਨਿਆਂ ਤੋਂ ਕੁਝ ਨਾ ਸਿਖਿਆ ਤਾਂ ਅਸੀਂ ਵੀ ਛੇਤੀ ਹੀ ਮੁੱਕ ਜਾਵਾਂਗੇ, ਕਿਉਂਕਿ ਅਸੀਂ ਆਪਸ ਵਿੱਚ ਹੀ ਲੜ ਰਹੇ ਹਾਂ ਅਤੇ ਪੰਥ ਦੋਖੀ, ਸਿੱਖੀ ਨੂੰ ਬਰਬਾਅਦ ਕਰਨ ਵਿੱਚ ਇਕ ਘੜੀ ਵੀ ਜਾਇਆ ਨਹੀਂ ਕਰ ਰਹੇ ਹਨ ।
ਇਸ ਸਿਰਲੇਖ ਨੂੰ ਪੜ੍ਹ ਕੇ ਪਾਠਕਾਂ ਦੇ ਮਨ ਵਿੱਚ ਇਹ ਸਵਾਲ ਜਰੂਰ ਉਠ ਰਿਹਾ ਹੋਵੇਗਾ ਕਿ, 'ਸਕਤਰੇਤ', 'ਬੁਰਛਾਗਰਦਾਂ' ਅਤੇ ਉਥੇ 'ਪੇਸ਼ ਹੋਣ ਵਾਲੇ ਸਿੱਖਾਂ' ਦਾ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨਾਲ ਕੀ ਸੰਬੰਧ ਹੈ? ਸਿੱਖ ਇਤਿਹਾਸ ਇਨਾਂ ਅਮੀਰ ਹੈ, ਕਿ ਇਸ ਦੇ ਜਿਨੇ ਵਰਕੇ ਖੋਲੀ ਜਾਉ, ਉਸ ਤੋਂ ਕੁਝ ਨਾਂ ਕੁਝ ਸਿਖਣ ਨੂੰ ਮਿਲਦਾ ਹੀ ਰਹਿੰਦਾ ਹੈ।'ਸਕਤੱਰੇਤ' ਨਾਮ ਦਾ ਮੌਜੂਦਾ ਕਮਰਾ ਸਿੱਖੀ ਨਾਲ ਇਕ ਬਹੁਤ ਵੱਡੀ ਸਾਜਿਸ਼ ਅਤੇ ਸ਼ਰਾਰਤ ਕਰਕੇ 1990-91 ਤੋਂ ਬਾਅਦ ਅਕਾਲ ਤਖਤ ਦੇ ਹੈਡ ਗ੍ਰੰਥੀ ਮਨਜੀਤ ਸਿੰਘ ਦੇ ਕਾਰਜ ਕਾਲ ਤੋਂ ਹੋਂਦ ਵਿੱਚ ਆਇਆ। ਜਿਸਦੀ ਨੀਂਹ ਨੂੰ ਸਾਬਕਾ ਹੈਡ ਗ੍ਰੰਥੀ ਗਿਆਨੀ ਪੂਰਨ ਸਿੰਘ ਨੇ ਮਜਬੂਤ ਕਰ ਦਿਤਾ। ਅਕਾਲ ਤਖਤ ਦਾ ਸਾਬਕਾ ਹੈਡ ਗ੍ਰੰਥੀ ਗਿਆਨੀ ਪੂਰਨ ਸਿੰਘ, ਹਮੇਸ਼ਾਂ ਹੀ ਸ਼ੱਕੀ ਕਿਰਦਾਰ ਵਾਲਾ ਇਕ ਵਿਅਕਤੀ ਰਿਹਾ। ਸਿੱਖ ਕੌਮ ਨੂੰ ਹਿੰਦੂ ਮੱਤ ਵਿਚ ਜਜਬ ਕਰ ਲੈਣ ਦੀ ਬਦਨੀਯਤ ਵਾਲੇ ਹਿੰਦੂ ਸੰਗਠਨ, ਆਰ. ਐਸ. ਐਸ. ਦਾ ਇਹ ਇਕ ਸਰਗਰਮ ਮੈਂਬਰ ਰਿਹਾ ਹੈ।
ਆਰ. ਐਸ. ਐਸ. ਦੀ Website www.sangatsansar.com   ਵਿੱਚ ਇਸ ਦਾ ਨਾਮ ਪਹਿਲੇ ਨੰਬਰ 'ਤੇ ਛਪਿਆ ਹੋਇਆ ਸੀ। ਇਸ ਤੋਂ ਅਗੇ ਪਟਨੇ ਵਾਲੇ ਗ੍ਰੰਥੀ ਇਕਬਾਲ ਸਿੰਘ ਅਤੇ ਉਸ ਤੋਂ ਅਗੇ ਹਜੂਰ ਸਾਹਿਬ ਦੇ ਹੈਡ ਗ੍ਰੰਥੀ ਕੁਲਵੰਤ ਸਿੰਘ ਦਾ ਨਾਮ ਛਪਿਆ ਹੋਇਆ ਸੀ। ਆਰ. ਐਸ. ਐਸ. ਦੇ ਸਰਗਰਮ ਮੈਮਬਰਾਂ ਦੀ ਲਿਸਟ ਹੁਣ ਉਥੋਂ ਡੀਲੀਟ ਕਰ ਦਿਤੀ ਗਈ ਹੈ, ਲੇਕਿਨ ਉਸ ਦਾ ਪ੍ਰਿੰਟ ਆਉਟ ਸਾਡੇ ਕੋਲ ਹੱਲੀ ਵੀ ਮੌਜੂਦ ਹੈ। ਬਚਿੱਰ ਨਾਟਕ ਦੇ ਕੂੜ ਨੂੰ ਅਧਾਰ ਬਣਾ ਕੇ ਇਹ ਸਤਕਾਰਤ ਗੁਰੂਆਂ ਨੂੰ "ਲਵ ਅਤੇ ਕੁਸ਼" ਦੀ ਅੰਸ਼ ਯਾਨਿ ਕਿ ਗੁਰੂਆਂ ਨੂੰ ਰਾਮਚੰਦਰ ਦੀ ਕੁਲ ਵਿੱਚੋ ਪ੍ਰਚਾਰਦਾ ਰਿਹਾ। ਇਸ ਤੋਂ ਬਾਅਦ ਸਰਦਾਰ ਪਾਲ ਸਿੰਘ ਪੁਰੇਵਾਲ ਦਾ ਬਣਾਇਆ ਅਤੇ ਵਿਦਵਾਨਾਂ ਵਲੋਂ ਪ੍ਰਵਾਣਿਤ ਨਾਨਕ ਸ਼ਾਹੀ ਕੈਲੰਡਰ, ਇਸ ਗ੍ਰੰਥੀ ਦੀ ਵਜਿਹ ਕਰਕੇ ਦਸ ਵਰ੍ਹੇ ਲਾਗੂ ਨਹੀਂ ਹੋ ਸਕਿਆ, ਕਿਉਂਕਿ ਆਰ. ਐਸ. ਐਸ. ਇਸ ਨੂੰ ਕਿਸੇ ਕੀਮਤ ਤੇ ਲਾਗੂ ਨਹੀਂ ਹੋਣ ਦੇਣਾ ਚਾਹੁੰਦਾ ਸੀ, ਅਤੇ ਇਹ ਗ੍ਰੰਥੀ ਵੀ ਉਨਾਂ ਦਾ ਹੀ ਪੱਖ ਪੂਰ ਰਿਹਾ ਸੀ।
ਕੱਟੜ ਹਿੰਦੂਵਾਦੀ ਸੰਗਠਨ ਇਹ ਜਾਣਦੇ ਹਨ ਕਿ ਜੇ ਇਹ ਕੈਲੰਡਰ ਸਿੱਖਾਂ ਨੇ ਅਪਣਾ ਲਿਆ ਤਾਂ ਸਿੱਖਾਂ ਨੂੰ ਹਿੰਦੂ ਮੱਤ ਵਿੱਚ ਜਜਬ ਕਰਣ ਦੀ ਸਾਡੀ ਸਦੀਆਂ ਪੁਰਾਨੀ ਸਾਜਿਸ਼ ਨਾਕਾਮ ਹੋ ਜਾਵੇਗੀ । ਉਹ ਇਹ ਵੀ ਜਾਂਣਦੇ ਹਨ ਕਿ ਨਾਨਕ ਸ਼ਾਹੀ ਕੈਲੰਡਰ ਤਾਂ ਇਨਾਂ ਦੀ 'ਵਖਰੀ ਹੋਂਦ' ਦਾ ਪ੍ਰਤੀਕ ਬਣ ਜਾਵੇਗਾ, ਜਦਕਿ ਇਨਾਂ ਦੀ 'ਵਖਰੀ ਹੋਂਦ' ਤਾਂ ਸਾਡੇ ਸਾਰੇ ਮਨਸੂਬਿਆਂ ਤੇ ਪਾਣੀ ਫੇਰ ਸਕਦੀ ਹੈ । ਅਫਸੋਸ ਕਿ ਇਹ ਗਲ ਸਾਡੇ ਅਖੌਤੀ ਆਗੂਆਂ ਨੂੰ ਅੱਜ ਤਕ ਸਮਝ ਨਹੀਂ ਆਈ। ਇਸ ਕੈਲੰਡਰ ਨੂੰ ਅਪਨਾਉਣ ਦੀ ਬਜਾਇ ਇਹ ਇਸ ਨੂੰ ਕਤਲ ਕਰਕੇ ਹੀ ਬਹੁਤ ਖੁਸ਼ ਹੋ ਰਹੇ ਨੇ। ਇਸਨੂੰ ਨਾ ਮਨਣ ਵਾਲੀਆਂ ਸਿੰਘ ਸਭਾਵਾਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ , ਗੁਰੂ ਘਰ ਦੀ ਗੋਲਕ ਵਿਚੋਂ 25-25 ਲੱਖ ਰੁਪਏ ਵੰਡ ਰਿਹਾ ਹੈ। ਸਿੱਖੀ ਦੇ ਦੁਸ਼ਮਨਾਂ ਨੂੰ ਕੀ ਚਾਹੀਦਾ ਹੈ? ਉਸ ਦਾ ਕੰਮ ਤਾਂ ਸਿੱਖ ਆਪ ਹੀ ਕਰ ਰਹੇ ਨੇ। ਤੁਹਡਾ ਪੈਸਾ ਵਰਤ ਕੇ ਤੁਹਡਾ ਹੀ ਬੇੜਾ ਡੋਬ ਰਹੇ ਨੇ। ਵਾਹ ਉਏ ਸਿੱਖੋ !!!
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਅਤੇ ਅਕਾਲ ਤਖਤ ਦੇ ਮੁੱਖ ਗ੍ਰੰਥੀ ਜੋਗਿੰਦਰ ਸਿੰਘ ਵੇਦਾਂਤੀ ਨੇ ਨਾਨਕ ਸ਼ਾਹੀ ਕੈਲੰਡਰ ਨੂੰ ਰਿਲੀਜ ਕੀਤਾ, ਉਸ ਵੇਲੇ ਇਹ ਨਾਗਪੁਰ ਜੋ ਆਰ ਐਸ. ਐਸ. ਦਾ ਹੈਡਕੁਵਾਟਰ ਵੀ ਹੈ, ਉਥੇ ਗਇਆ ਹੋਇਆ ਸੀ। ਇਸਨੇ ਨਾਗਪੁਰ ਤੋਂ ਫੇਕਸ ਭੇਜ ਕੇ ਬੀਬੀ ਨੂੰ ਪੰਥ ਤੋਂ ਰਾਤੋ ਰਾਤ ਬੇਦਖਲ ਕਰਣ ਦਾ ਫੇਕਸ ਭੇਜ ਦਿਤਾ। ਫੇਕਸ ਭੇਜ ਕੇ ਕਿਸੇ ਨੂੰ ਛੇਕ ਦੇਣ ਦੀ ਇਹ ਸਿੱਖ ਇਤਿਹਾਸ ਵਿੱਚ ਪਹਿਲੀ ਘਟਨਾ ਸੀ। ਇਥੋ ਹੀ ਸ਼ੁਰੂ ਹੂੰਦੀ ਹੈ "ਸਕਤੱਰੇਤ ਵਾਲੇ ਬੁਰਛਾਗਰਦਾਂ" ਦੀ ਇਹ ਦਾਸਤਾਨ , ਜੋ ਅੱਜ ਅਪਣੀ ਚਰਮ ਸੀਮਾਂ ਤਕ ਪਹੁੰਚ ਚੁਕੀ ਹੈ।
ਇਸ ਗ੍ਰੰਥੀ ਨੂੰ ਇੰਨੀ ਭਾਜੜ ਕਿਸ ਗਲ ਦੀ ਪਈ ਸੀ, ਬੀਬੀ ਨੂੰ ਬੇਦਖਲ ਕਰਨ ਦੀ? ਜੇ ਬੀਬੀ ਜੀ ਨੇ ਨਾਨਕ ਸ਼ਾਹੀ ਕੈਲੰਡਰ ਜਾਰੀ ਕਰਕੇ ਕੋਈ ਪੰਥ ਵਿਰੋਧੀ ਕੰਮ ਕੀਤਾ ਸੀ, ਤਾਂ ਇਹ ਨਾਗਪੁਰ ਤੋਂ ਵਾਪਸ ਆ ਕੇ ਵੀ ਉਨਾਂ ਤੇ ਕਾਰਵਈ ਕਰ ਸਕਦਾ ਸੀ। ਇਸਨੇ ਅਕਾਲ ਤਖਤ ਦੀ ਮਰਿਯਾਦਾ ਅਤੇ ਸਤਕਾਰ ਨੂੰ ਗੈਰ ਵਾਜਿਬ ਤਰੀਕੇ ਨਾਲ ਰੋਲਿਆ, ਅਤੇ ਚੱਮ ਦੀਆਂ ਚਲਾਈਆਂ। ਇਸਨੇ ਇਹੋ ਜਹੇ ਕਈ ਗੈਰ ਸਿਧਾਂਤਕ, ਆਪ ਹੁਦਰੇ ਕੂੜਨਾਮੇਂ ਜਾਰੀ ਕੀਤੇ, ਜਿਨਾਂ ਵਿਚੋਂ 22 ਕੂੜਨਾਮੇ ਇਸ ਨੂੰ ਹਟਾਉਣ ਤੋ ਬਾਅਦ ਰੱਦ ਕੀਤੇ ਗਏ। ਜੇ ਇਹ ਸਹੀ ਬੰਦਾ ਸੀ ਤਾਂ ਇਨਾਂ ਕੂੜਨਾਮਿਆਂ ਨੂੰ ਰੱਦ ਕਿਉਂ ਕਰਨਾਂ ਪਇਆ ? ਫਿਰ ਆਰ. ਐਸ.ਐਸ. ਅਤੇ ਸਿਆਸੀ ਦਬਾਅ ਪੈਣ 'ਤੇ ਇਸ ਨੂੰ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਥਾਪ ਦਿਤਾ ਗਇਆ। ਜੇ ਇਹ ਸਹੀ ਸੀ, ਤਾਂ ਇਸਨੂੰ ਅਕਾਲ ਤਖਤ ਦੇ ਹੈਡ ਗ੍ਰੰਥੀ ਦੀ ਪੋਸਟ ਤੋਂ ਕਿਉਂ ਹਟਾਇਆ ਗਇਆ? ਅਤੇ ਜੇ ਗਲਤ ਸੀ ਤਾਂ ਇਸਨੂ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਕਿਉਂ ਬਣਾਇਆ ਗਇਆ ? ਇਹ ਹਰ ਸੁਚੇਤ ਸਿੱਖ ਭਲੀ ਭਾਂਤਿ ਜਾਣਦਾ ਹੈ, ਕਿ ਸਾਡੇ ਧਰਮ ਨੂੰ ਕੌਣ ਚਲਾ ਰਿਹਾ ਹੈ? ਇਸ ਨੇ ਅਕਾਲ ਤਖਤ ਦੇ ਰੁਤਬੇ ਨੂੰ ਬਹੁਤ ਵੱਡੀ ਢਾਅ ਲਾਈ ਜਿਸ ਕਰਕੇ ਸਿੱਖਾਂ ਦੇ ਮਨਾਂ ਵਿੱਚ ਇਹ ਸਵਾਲ ਖੜਾ ਹੋ ਗਇਆ ਕਿ, ਕੀ ਅਕਾਲ ਤਖਤ ਤੋਂ ਵੀ ਗਲਤ ਫੈਸਲੇ ਲਾਗੂ ਹੁੰਦੇ ਨੇ ਜਾਂ ਹੋ ਸਕਦੇ ਨੇ? ਇਸਦੇ ਪੰਥ ਵਿਰੋਧੀ ਅਤੇ ਗੈਰ ਸਿਧਾਂਤਕ ਕੰਮਾਂ ਦੀ ਲਿਸਟ ਬਹੁਤ ਲੰਮੀ ਹੈ, ਇਸ ਲਈ ਆਉ, ਮੁੜ ਇਸ ਲੇਖ ਦੇ ਮੂਲ ਵਿਸ਼ੈ ਵਲ ਵਾਪਸ ਆਂਉਦੇ ਹਾਂ।
ਇਹ 'ਸਕਤੱਰੇਤ' ਵਾਲਾ ਕਮਰਾ ਇਸ ਤੋਂ ਪਹਿਲਾਂ ਹੋਂਦ ਵਿੱਚ ਨਹੀਂ ਆਇਆ ਸੀ, ਅਤੇ ਸਾਰੇ ਫੈਸਲੇ ਅਕਾਲ ਤੱਖਤ ਤੇ ਹੀ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤ ਦੀ ਹਜੂਰੀ ਵਿੱਚ ਹੀ ਕੀਤੇ ਜਾਂਦੇ ਸਨ।
ਪ੍ਰੋ. ਦਰਸ਼ਨ ਸਿੰਘ ਹੋਰਾਂ ਨੇ 1987 - 90 ਵਿੱਚ ਅਪਣੇ ਕਾਰਜ ਕਾਲ ਵਿੱਚ ਜੋ ਵੀ ਪੰਥਿਕ ਕਾਰਵਾਈਆਂ ਕੀਤੀਆਂ, ਉਹ ਅਕਾਲ ਤਖਤ 'ਤੇ ਹੀ ਕੀਤੀਆਂ, ਨਾ ਕਿ ਇਸ ਸਕੱਤਰੇਤ ਵਿੱਚ।
ਅੱਜ ਕੁਝ ਅਖੌਤੀ ਜਾਗਰੂਕ ਸਿੱਖ ਇਹ ਤਰਕ ਦੇਂਦੇ ਹਨ ਕਿ "ਪ੍ਰੋਫੇਸਰ ਸਾਹਿਬ ਵੀ ਤੇ ਇਸੇ ਪੁਜਾਰੀਵਾਦੀ ਵਿਵਸਥਾ" ਦਾ ਹੀ ਇਕ ਹਿੱਸਾ ਰਹੇ ਹਨ , ਜੋ ਅੱਜ ਉਨਾਂ ਦੇ ਖਿਲਾਫ ਖੜੇ ਹੋ ਗਏ ਹਨ।"
ਕਹਿਣ ਨੂੰ ਤਾਂ ਇਹ ਵੀਰ ਜਾਗਰੂਕ ਤਬਕੇ ਵਿਚੋ ਹਨ, ਲੇਕਿਨ ਸ਼ਾਇਦ ਇਹ ਇਨਾਂ ਵੀ ਨਹੀਂ ਜਾਂਣਦੇ ਕਿ ਪ੍ਰੋਫੇਸਰ ਦਰਸ਼ਨ ਸਿੰਘ ਹੀ ਅਕਾਲ ਤਖਤ ਦਾ ਇਕ ਇਕੱਲਾ ਇਹੋ ਜਿਹਾ ਸੇਵਾਦਾਰ ਰਿਹਾ, ਜਿਸਨੇ ਅਪਣੇ ਕਾਰਜ ਕਾਲ ਵਿੱਚ ਸ਼੍ਰੋਮਣੀ ਕਮੇਟੀ ਤੋਂ ਇਕ ਨਵਾਂ ਪੈਸਾ ਨਹੀਂ ਲਇਆ। ਉਹ ਅੱਜ ਦੇ ਬੁਰਛਾਗਰਦਾਂ ਵਾਂਗ ਦੋ ਦੋ ਕਰੋੜ ਰੁਪਏ ਦਾ ਪੇਟ੍ਰੋਲ ਖਰਚ ਲੈ ਕੇ ਗੁਰੂ ਘਰ ਦੀ ਗੋਲਕ ਨੂੰ ਡਾਕਾ ਨਹੀਂ ਸਨ ਪਾਂਦੇ। ਉਨਾਂ ਦੇ ਕਾਰਜ ਕਾਲ ਦੇ ਦੌਰਾਨ ਸ਼੍ਰੋਮਣੀ ਕਮੇਟੀ ਦਾ ਸਾਰਾ ਰਿਕਾਰਡ ਫਰੋਲ਼ ਕੇ ਵੇਖ ਲਵੋ, ਤੁਹਾਨੂੰ ਉਨਾਂ ਦੀ ਤਨਖਾਹ ਜਾਂ ਜਾਤੀ ਖਰਚਿਆਂ ਦਾ ਇਕ ਵੀ ਵਾਉਚਰ ਨਹੀਂ ਮਿਲੇਗਾ। ਕੀ ਐਸੀ ਸਖਸ਼ਿਯਤ ਨੂੰ ਅੱਜ ਦੇ ਬੁਰਛਾਗਰਦਾਂ ਨਾਲ ਰਲਾਇਆ ਜਾ ਸਕਦਾ ਹੈ?
ਉਹ ਵੀਰ ਸ਼ਾਇਦ ਇਹ ਨਹੀਂ ਜਾਂਣਦੇ ਕੇ ਉਨਾਂ ਨੇ ਉਸ ਵਕਤ ਦੇ ਚੀਫ ਮਨਿਸਟਰ ਨੂੰ ਪੰਥ ਵਿਰੋਧੀ ਕੰਮਾਂ ਲਈ ਅਕਾਲ ਤਖਤ ਤੇ ਪੇਸ਼ ਕਰਵਾ ਕੇ, ਨਿਰਪੱਖਤਾ ਅਤੇ ਨਿਡਰਤਾ ਦੀ ਇਕ ਮਿਸਾਲ ਕਾਇਮ ਕੀਤੀ ਸੀ। ਅੱਜ ਦੇ ਬੁਰਛਾਗਰਦਾਂ ਵਾਂਗ ਆਪ ਹੁਦਰੇ ਤੌਰ 'ਤੇ ਅਪਣੇ ਆਕਾ ਨੂੰ "ਫਖਰੇ ਕੌਮ ਦਾ ਅਵਾਰਡ" ਨਹੀਂ ਸੀ ਦਿਤਾ। ਕੀ ਸਿੱਖੀ ਵਿੱਚ ਐਸਾ ਕੋਈ ਨਿਯਮ, ਕਾਇਦਾ ਜਾ ਕਾਨੂੰਨ ਹੈ, ਕਿ ਕਿਸੇ ਸਿਆਸੀ ਬੰਦੇ ਨੂੰ ਅਕਾਲ ਤਖਤ ਤੋਂ ਐਸਾ ਅਵਾਰਡ ਦਿਤਾ ਗਇਆ ਹੋਵੇ। ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਆਲਹੂਵਾਲੀਆ, ਜਿਸਨੇ ਅਪਣਾ ਸਾਰਾ ਜੀਵਨ "ਖਾਲਸਾ ਰਾਜ" ਦੀ ਪ੍ਰਾਪਤੀ ਲਈ ਕੁਰਬਾਨ ਕਰ ਦਿਤਾ ਅਤੇ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਲਹਿਰਾ ਕੇ, ਪੂਰੇ ਭਾਰਤ ਉਪਰ "ਖਾਲਸਾ ਰਾਜ" ਕਾਇਮ ਕੀਤਾ, ਉਨਾਂ ਨੂੰ ਵੀ ਅਕਾਲ ਤਖਥ ਤੋਂ ਇਹੋ ਜਹਿਆ, ਕੋਈ ਅਵਾਰਡ ਨਹੀਂ ਦਿਤਾ ਗਇਆ। ਉਹ ਜਰਨੈਲ ਤਾਂ ਖਾਲਸਾ ਰਾਜ ਲਈ ਜੇ ਦਸ ਪਿੰਡ ਜਿਤਦਾ ਸੀ, ਤਾਂ ਉਨਾਂ ਵਿੱਚੋਂ ਅੱਠ ਪਿੰਡ ਗੁਰੂ ਘਰ ਦੇ ਨਾਮ ਕਰਕੇ, ਦੋ ਪਿੰਡਾਂ ਨਾਲ ਖਾਲਸਾ ਰਾਜ ਦੇ ਟੀਚੇ ਮਿੱਥਦਾ ਸੀ। ਕੀ ਅੱਜ ਦੇ ਸਿੱਖ ਸਿਆਸਤਦਾਨ ਉਸ ਜਰਨੈਲ ਦੇ ਪੈਰਾਂ ਦੀ ਧੂੜ ਦੇ ਕਾਬਿਲ ਵੀ ਹਨ, ਜਿਨਾਂ ਨੂੰ ਅਕਾਲ ਤਖਤ ਤੋਂ ਆਪ ਹੁਦਰੇ ਤੌਰ 'ਤੇ ਸਨਮਾਨਿਤ ਕੀਤਾ ਜਾ ਰਿਹਾ ਹੈ? ਕੌਮ ਸੁੱਤੀ ਹੋਈ ਹੈ, ਇਹ ਗਲਾਂ ਜਿਨੀਆਂ ਮਰਜੀ ਕਰੀ ਜਾਉ, ਕਿਸੇ ਨੂੰ ਕੋਈ ਅਸਰ ਨਹੀਂ ਹੈ। ਬਲਕਿ ਇਹ ਸਾਨੂੰ ਕਈ ਵਾਰ ਇਹ ਕਹਿੰਦੇ ਹਨ ਕਿ, "ਇਨਾਂ ਨੇ ਹੀ ਸਾਰੇ ਪੰਥ ਦਾ ਠੇਕਾ ਲਿਆ ਹੋਇਆ ਹੈ", ਵੀਰੋ ! ਗਹਰੀ ਨੀੰਦਰ ਵਿੱਚੋ ਉਠੋ ! ਅਤੇ ਆਉ ਇਹ ਠੇਕਾ ਅਸੀਂ ਸਾਰੇ ਰਲ ਮਿਲ ਕੇ ਲੈ ਲਈਏ ਅਤੇ ਕੌਮ ਦੀ ਡੁਬਦੀ ਬੇੜੀ ਨੂੰ ਬਚਾ ਲਇਏ, ਇਕ ਦੂਜੇ ਨੂੰ ਨੀਵਾਂ ਦਿਖਾ ਕੇ ਅਸੀਂ ਕੌਮ ਦਾ ਹੀ ਨੁਕਸਾਨ ਕਰ ਰਹੇ ਹਾਂ ।
ਕੁਝ ਵੀਰ ਤਾਂ ਕਈ ਵਾਰ ਮੈਨੂੰ ਕਹਿੰਦੇ ਹਨ ਕਿ ਤੁਸੀਂ ਇਨਾਂ ਹੈਡ ਗ੍ਰੰਥੀਆਂ ਨੂੰ "ਬੁਰਛਾਗਰਦ" ਕਿਉਂ ਕਹਿੰਦੇ ਹੋ ? ਦਾਸ ਉਨਾਂ ਕੋਲੋਂ ਪੁਛਦਾ ਹੈ ਕਿ, ਕੀ ਬੁਰਛਾਗਰਦ ਕਹਿਨਾਂ ਕੋਈ ਗਾਲ੍ਹ ਜਾਂ ਅੱਪਸ਼ਬਦ ਹੈ? ਭਾਈ ਕਾਨ੍ਹ ਸਿੰਘ ਨਾਭਾਂ ਨੇ ਪਹਿਲੀ ਵਾਰ "ਬੁਰਛਾਗਰਦ" ਸ਼ਬਦ ਦੀ ਵਰਤੋਂ ਕੀਤੀ ਸੀ। ਕਿਉਂਕਿ 1902 ਦੀ ਸਿੰਘ ਸਭਾ ਲਹਿਰ ਵੇਲੇ ਵੀ ਇਹੋ ਜਹੇ "ਬੁਰਛਾਗਰਦ" ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਕਾਬਿਜ ਸਨ, ਜਿਨਾਂ ਨੇ ਬਾਅਦ ਵਿਚੱ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸੰਨਮਾਨਿਤ ਕੀਤਾ ਸੀ । ਉਨਾਂ ਨੇ ਅਪਣੇ ਮਹਾਨ ਕੋਸ਼ ਵਿੱਚ ਵੀ ਬੁਰਛਾਗਰਦ ਸ਼ਬਦ ਦੀ ਵਿਆਖਿਆ ਕੀਤੀ ਹੈ, ਜਿਸਦਾ ਮਤਲਬ ਹੈਮਤਿਹੀਨ, ਮੂਰਖ ਜਾਂ ਉੱਜਡ। ਬੁਰਛਾਗਰਦੀ ਮਾਨੇ ਹੈ, ਮੂਰਖਾਂ ਦਾ ਉਠਾਇਆ ਉਪਦ੍ਰਵ (ਰੌਲਾ)।
ਇਸ ਵਿੱਚ ਕੀ ਗਲਤ ਹੈ? ਕੀ ਇਹ ਮਤਿਹੀਣ/ ਉਜੱਡ ਨਹੀਂ ਹਨ, ਜੋ ਕਿਸੇ ਪੰਥ ਦਰਦੀ ਨੂੰ ਪੇਸ਼ ਹੋਣ ਤੋਂ ਪਹਿਲਾਂ ਹੀ, ਉਸ ਦੀ ਗਲ ਸੁਣੇ ਬਗੈਰ ਹੀ ਉਸ ਦੇ ਕੀਰਤਨ ਤੇ ਪਾਬੰਦੀ ਲਾ ਦੇਂਦੇ ਨੇ। ਉਸ ਨੂੰ ਅਕਾਲ ਤਖਤ ਤੇ ਪੇਸ਼ ਹੋਣ ਦਾ ਨੋਟਿਸ ਦੇਂਦੇ ਨੇ, ਤੇ ਬੁਲਾਂਦੇ ਉਸ ਨੂੰ "ਕਾਲ ਕੋਠਰੀ" ਵਿੱਚ ਹਨ? ਜੇ ਉਹ ਪੇਸ਼ ਹੋ ਜਾਵੇ ਤਾਂ ਕਹਿੰਦੇ ਨੇ "ਉਹ ਤਾਂ ਆਇਆ ਹੀ ਨਹੀਂ", ਕੀ ਇਹ ਮਤਿਹੀਨ ਅਤੇ ਉਜੱਡ ਨਹੀਂ ਹਨ?
ਦੁਨੀਆ ਵਿੱਚ ਕੋਈ ਇਹੋ ਜਹੀ ਅਦਾਲਤ ਜਾਂ ਥਾਣਾਂ ਦਸ ਦਿਉ, ਜਿਸ ਦੇ 'ਸੰਮਨ' ਵਿੱਚ ਹੀ ਸੱਜਾ ਸੁਣਾ ਦਿਤੀ ਜਾਂਦੀ ਹੋਵੇ। 'ਮੁਲਜਿਮ' ਨੂੰ ਤਾਂ ਤਕ 'ਮੁਜਰਿਮ' ਨਹੀਂ ਕਹਿਆ ਜਾਂਦਾ, ਜਦੋਂ ਤਕ ਉਸ ਦਾ ਦੋਸ਼ ਸਾਬਿਤ ਨਾ ਹੋ ਜਾਵੇ। ਇਹ "ਮਤਿਹੀਨ", "ਉਜੱਡ" ਜਾਂ "ਬੁਰਛਾਗਰਦ" ਨਹੀਂ ਤਾਂ ਹੋਰ ਕੀ ਹਨ ? ਜੇ ਇਹ ਚੰਗੀ ਸ਼ਬਦਾਵਲੀ ਨਹੀਂ ਤਾਂ ਇਹ ਦਸ ਦਿਉ ਕਿ ਇਨਾਂ ਨੂੰ ਕੀ ਮੈਂ ਹੁਣ "ਸਿੰਘ ਸਾਹਿਬ" ਦਾ ਦਰਜਾ ਦਿਆਂ ਜਾਂ ਪੰਥ ਦੇ ਹਾਕਿਮਾਂ ਦਾ?
ਇਹ ਮਤਿਹੀਨ/ ਉੱਜਡ/ ਬੁਰਛਾਗਰਦ ਦੋ ਤਖਤਾਂ ਤੇ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆ ਉਡਾਂਦੇ ਨੇ, ਘੰਟੀਆਂ ਘੜਿਆਲ ਵਜਾ ਵਜਾ ਕੇ ਸ਼ਸ਼ਤਰਾਂ ਦੀ ਪੂਜਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਨਾਲ ਹੋਰ ਕਿਨੀਆਂ ਕਿਤਾਬਾਂ ਦਾ ਹਨੇਰਾ ਕਰਕੇ, ਸਿੱਖਾਂ ਦੇ ਸ਼ਬਦ ਗੁਰੂ ਦਾ ਅਪਮਾਨ ਕਰਦੇ ਨੇ। ਉਹੀ ਆਪ ਤਨਖਾਹ ਯੋਗ ਮਤਿਹੀਨ, ਇਸ ਕਮਰੇ ਵਿੱਚ ਬੈਠ ਕੇ ਸਿੱਖੀ ਦੇ ਅਹਿਮ ਫੈਸਲੇ ਕਰਦੇ ਅਤੇ ਕੌਮ ਦੇ ਜੱਜ ਬਣਕੇ ਪੰਥ ਦਰਦੀਆ ਨੂੰ ਛੇਕਦੇ ਅਤੇ ਟਾਰਚਰ ਕਰਦੇ ਨੇ। ਸ਼ਿਵ ਲਿੰਗ ਅਤੇ ਗਉਆਂ ਨੂੰ ਪੂਜਨ ਵਾਲਿਆਂ ਨੂੰ, ਮਾਤਾ ਦੇ ਜਗਰਾਤੇ ਕਰਨ ਵਾਲਿਆਂ ਨੂੰ, ਸੌਦਾ ਸਾਧ ਅਤੇ ਆਸ਼ੂਤੋਸ਼ ਵਰਗੇ ਪੰਥ ਦੋਖੀਆਂ ਅਤੇ ਸਿੱਖੀ ਦਾ ਘਾਣ ਕਰਨ ਵਾਲੇ ਬਾਬਿਆਂ ਅਗੇ ਆਤੇ ਦਿਨ ਮੱਥੇ ਰਗੜਣ ਵਾਲੇ ਕੇਸਾਧਾਰੀ ਬ੍ਰਾਹਮਣਾਂ ਨੂੰ ਇਹ "ਫਖਰੇ ਕੌਮ "ਅਤੇ "ਪੰਥ ਰਤਨ" ਦਾ ਅਵਾਰਡ ਵੰਡਦੇ ਨੇ। ਸਿੱਖ ਹੋ ਕੇ ਸੀਤਾਰਾਮ ਰਾਧੇ ਸ਼ਿਆਮ ਦਾ ਕੀਰਤਨ ਕਰਨ ਵਾਲੇ ਸਤਨਾਮ ਸਿੰਘ ਪਿਪਲੀ ਵਾਲੇ ਨੀਲਧਾਰੀ ਦੇ ਜਨਮ ਦਿਨ ਤੇ ਜਾਕੇ ਉਸ ਨੂੰ "ਰਾਜਾ ਜੋਗੀ" ਦੀ ਪਦਵੀ ਦੇਂਦੇ ਹਨ ਅਤੇ ਉਸ ਨੂੰ ਅਵਤਾਰ ਕਹਿ ਕੇ ਖੁਸ਼ਾਮਦ ਕਰਦੇ ਹਨ। ਇਸ ਨੀਲਧਾਰੀ ਦੀ ਜਨਾਨੀ ਨੂੰ "ਰਾਣੀ ਮਾਤਾ" ਦਾ ਖਿਤਾਬ ਦੇਂਦੇ ਨੇ। ਕੀ ਇਹ ਮਤਿਹੀਨ ਜਾਂ ਬੁਰਛਾਗਰਦ ਨਹੀਂ ਹਨ ? ਕੋਈ ਤਾਂ ਮੈਨੂੰ ਜਵਾਬ ਦਿਉ, ਕਿ ਆਖਿਰ ਇਨਾਂ ਨੂੰ ਮੈਂ ਕੀ ਕਹਾਂ?
ਪੂਰਨ ਸਿੰਘ ਤੋਂ ਬਾਅਦ ਬੁਰਛਾਗਰਦਾਂ ਨੇ ਇਸ 'ਕਾਲ ਕੋਠਰੀ' ਨੂੰ ਹੀ ਅਕਾਲ ਤਖਤ ਬਣਾ ਕੇ ਰੱਖ ਦਿੱਤਾ, ਤਾਂਕਿ ਇਸ ਵਿੱਚ ਕੀਤੇ ਗਏ ਕਿਸੇ ਵੀ ਨਾਜਾਇਜ ਫੈਸਲੇ ਦੀ ਭਣਕ ਜਾ ਇਤਲਾਹ ਸੰਗਤ ਨੂੰ ਨਾ ਹੋ ਸਕੇ। ਅਜੋਕੇ ਸਮੈਂ ਅੰਦਰ ਤਾਂ ਇਹ ਕਮਰਾ ਇਨਾਂ ਬੁਰਛਾਗਰਦਾਂ ਦੀ ਐਸ਼ਗਾਹ ਬਣ ਚੁਕਾ ਹੈ। ਇਸ ਕਮਰੇ ਵਿੱਚ ਨਾਂ ਤਾਂ ਸੰਗਤ ਹੀ ਜਾ ਸਕਦੀ ਹੈ ਅਤੇ ਨਾਂ ਹੀ ਇਥੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਹੁੰਦਾ ਹੈ। ਪੰਥ ਦਰਦੀਆਂ ਅਤੇ ਇਨਾਂ ਦੇ ਖਿਲਾਫ ਗਲ ਕਰਣ ਵਾਲਿਆਂ ਨੂੰ ਇਸ ਵਿੱਚ ਬੁਲਾ ਕੇ ਬਹੁਤ ਹੀ ਬੇਇਜੱਤੀ ਨਾਲ ਮਾਨਸਿਕ ਤਾੜਨਾਂ ਦਿੱਤੀ ਜਾਂਦੀ ਹੈ। ਅਕਾਲ ਤਖਤ ਦੇ ਲੇਟਰ ਪੈਡ ਦੀ ਰੱਜ ਕੇ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਦੀ ਮਿਸਾਲ ਉਹ ਖੱਤ ਹੈ ਜਿਸ ਵਿੱਚ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਦਾ ਇਕ ਕੀਰਤਨ ਪ੍ਰੋਗ੍ਰਾਮ ਰੁਕਵਾਉਣ ਲਈ ਇਨਾਂ ਗ੍ਰੰਥੀਆਂ ਨੇ ਉਥੇ ਦੇ ਪੁਲਿਸ ਅਫਸਰ ਨੂੰ "Your Honour" ਕਹਿ ਕੇ ਸੰਬੋਧਿਤ ਕੀਤਾ ਸੀ। ਸੁੱਤੀ ਹੋਈ ਬੇਹੋਸ਼ ਕੌਮ ਲਈ ਇਸ ਤੋਂ ਵੱਧ ਸ਼ਰਮ ਦੀ ਗਲ ਹੋਰ ਕੀ ਹੋ ਸਕਦੀ ਹੈ ਕਿ ਇਕ ਪਾਸੇ ਛੇਵੇਂ ਗੁਰੂ ਸਾਹਿਬ ਦੇ ਸਿਰਜੇ ਅਕਾਲ ਤਖਤ ਦਾ ਰੁਤਬਾ, ਦੂਜੇ ਪਾਸੇ ਇਕ ਮਮੂਲੀ ਜਹੇ ਬੰਦੇ ਨੂੰ "ਯੋਰ ਆਨਰ" ਕਹਿ ਕੇ ਗੁਰੂ ਦੇ ਤਖਤ ਵਲੋਂ ਇਹ ਖੱਤ ਲਿਖਿਆ ਜਾਵੇ, ਉਹ ਵੀ ਗੁਰਬਾਣੀ ਪ੍ਰਚਾਰ ਨੂੰ ਰੋਕਣ ਲਈ।
ਦਾਸ ਨੇ ਤਾਂ ਇਸ ਨਾਜਾਇਜ ਕਮਰੇ ਦਾ ਵਿਰੋਧ ਕਰਦਿਆਂ ਕਈ ਲੇਖ ਲਿਖੇ ਅਤੇ ਜਾਗਰੂਕ ਤਬਕੇ ਨੂੰ ਇਥੋਂ ਤਕ ਹਲੂਣੇ ਦਿੱਤੇ ਕਿ ਇਸ ਕਮਰੇ ਤੇ ਬੁਲਡੋਜਰ ਚਲਾ ਕੇ ਇਸ ਦੀ ਥਾਂ ਤੇ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾ ਦਿੱਤੀ ਜਾਵੇ। ਪਰ ਬੇਹੋਸ਼ ਜਾਗਰੂਕ ਤਬਕਾ, ਜਿਸਨੂੰ ਇਸ ਗੈਰ ਸਿਧਾਂਤਕ ਕਮਰੇ ਦੇ ਖਿਲਾਫ ਇਕ ਮੁਹਿੰਮ ਛੇੜ ਦੇਣੀ ਚਾਹੀਦੀ ਸੀ, ਉਨਾਂ ਵਿਚੋਂ ਹੀ ਕੁਝ ਰੋਟੀਆਂ ਕਾਰਣ ਤਾਲ ਪੂਰਨ ਵਾਲੇ ਅਤੇ ਡਰਪੋਕ ਬੰਦੇ, ਇਸ ਵਿੱਚ ਹਾਜਰੀ ਭਰਣ ਨੂੰ ਹੀ ਅਪਣਾਂ ਨਸੀਬ ਸਮਝ ਰਹੇ ਨੇ। ਇਸ ਕਮਰੇ ਨੂੰ ਸਭਤੋਂ ਵੱਧ ਮਾਨਤਾ, ਜਾਗਰੂਕ ਅਖਵਾਉਣ ਵਾਲੇ ਤਬਕੇ ਨੇ ਹੀ ਦਿੱਤੀ ਹੈ। ਕੌਮ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਨੇ ਇਸ ਕਮਰੇ ਵਿੱਚ ਨਾਂ ਜਾ ਕੇ ਕੌਮ ਨੂੰ ਇਕ ਸੁਨੇਹਾ ਦਿਤਾ ਅਤੇ ਇਸ ਕਮਰੇ ਦੇ ਖਿਲਾਫ ਪਹਿਲੀ ਵਾਰ ਇਕ ਮੁਹਿੰਮ ਖੜੀ ਕਰ ਦਿਤੀ। ਜਿਸ ਕਮਰੇ ਵਿੱਚ ਗੁਰੂ ਦਾ ਪ੍ਰਕਾਸ਼ ਨਹੀਂ, ਜਿਸ ਕਮਰੇ ਵਿੱਚ ਸੰਗਤ ਨਹੀਂ ਜਾ ਸਕਦੀ, ਉਹ ਕੌਮੀ ਫੈਸਲਿਆਂ ਦਾ ਕੇਂਦਰ ਕਿਸ ਤਰ੍ਹਾਂ ਹੋ ਸਕਦਾ ਹੈ? ਕੀ ਕਿਸੇ ਜੱਜ (ਗੁਰੂ ਗ੍ਰੰਥ ਸਾਹਿਬ) ਦੀ ਗੈਰ ਹਾਜਰੀ ਵਿੱਚ ਉਨਾਂ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਪੰਥਿਕ ਫੈਸਲਾ ਹੋ ਸਕਦਾ ਹੈ? ਇਹ ਬੁਰਛਾਗਰਦ ਅੱਜ ਆਪ ਹੀ ਗੁਰੂ, ਹਾਕਿਮ ਅਤੇ ਸੁਪਰੀਮ ਪਾਵਰ ਬਣ ਬੈਠੇ ਨੇ, ਜਦ ਕਿ ਇਹ ਸਾਰੇ ਆਪ ਤਨਖਾਹ ਯੋਗ ਹਨ। ਇਹ ਦੂਸਰਿਆਂ ਨੂੰ ਰਹਿਤ ਮਰਿਯਾਦਾ ਦਾ ਉਲੰਘਨ ਕਰਨ ਦੇ ਦੋਸ਼ ਵਿੱਚ ਪੰਥ ਤੋਂ ਛੇਕ ਦੇਂਦੇ ਨੇ ਤੇ ਆਪ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾ ਰਹੇ ਨੇ। ਇਹ ਗੁਰੂ ਸਾਹਿਬ ਦਾ ਕਥਿਤ ਅਪਮਾਨ ਕਰਨ ਦੇ ਦੋਸ਼ ਵਿੱਚ ਦੂਜੇ ਸਿੱਖਾਂ ਨੂੰ ਪੰਥ ਤੋਂ ਬਾਹਰ ਕਡ੍ਹ ਦੇਂਦੇ ਨੇ ਤੇ ਆਪ ਡੇਰਿਆ , ਬਾਬਿਆਂ ਦੀਆਂ ਬਰਸੀਆਂ ਵਿੱਚ ਜਾਕੇ ਅਪਣੀਆਂ ਅੱਖਾਂ ਸਾਮ੍ਹਣੇ ਸ਼ਬਦ ਗੁਰੂ ਸਾਹਿਬ ਦਾ ਅਪਮਾਨ ਹੂੰਦਿਆਂ ਵੇਖਦੇ ਨੇ। ਇਨਾਂ ਨੂੰ ਪੰਥ ਤੋਂ ਬਾਹਰ ਕੌਣ ਕਰੇਗਾ?
"ਸਕਤਰੇਤ" ਨਾਮ ਦੀ ਕਾਲ ਕੋਠਰੀ ਵਿੱਚ ਪੇਸ਼ ਹੋਣ ਵਾਲਿਆਂ ਨੇ ਅਪਣੇ ਡਰ, ਕਮਜੋਰ ਜਮੀਰ ਅਤੇ ਗੈਰ ਸਿਧਾਂਤਕ ਅਤੇ ਸਵਾਰਥੀ ਟੀਚਿਆਂ ਦੀ ਪ੍ਰਾਪਤੀ ਵਾਲੇ ਗੈਰ ਸਿਧਾਂਤਕ ਕਾਰੇ ਨੂੰ ਜਸਟੀਫਾਈ ਕਰਣ ਲਈ ਇਕ ਨਵਾਂ ਪ੍ਰਚਾਰ ਸ਼ੁਰੂ ਕਰ ਦਿਤਾ ਹੈ ਕਿ ".....ਪ੍ਰੋਫੇਸਰ ਸਾਹਿਬ ਨੇ "ਸਕੱਤਰੇਤ" ਵਿੱਚ ਨਾ ਜਾ ਕੇ ਕੀ ਖਟਿਆ ? ਬਹਿ ਗਏ ਨਾ ਇਕ ਪਾਸੇ ?", " ....ਅਸੀਂ ਤਾਂ ਪਿੰਡਾਂ ਪਿੰਡਾਂ ਵਿੱਚ ਪ੍ਰਚਾਰ ਕਰਨਾ ਹੈ, ਕੀ ਅਸੀਂ ਵੀ ਬਹਿ ਜਾਈਏ ਉਨਾਂ ਵਾਂਗ।"
ਇਨਾਂ ਵਿਦਵਾਨਾਂ ਕੋਲੋਂ ਇਹ ਪੁਛੋ ਕਿ ਜੇ ਤੁਸਾਂ ਪਿੰਡਾਂ ਵਿੱਚ ਹੀ ਪ੍ਰਚਾਰ ਕਰਨਾਂ ਸੀ ਤਾਂ ਬਾਹਵਾਂ ਚੁਕ ਚੁਕ ਕੇ ਬਾਅਦਲ ਦੀ ਜਨਾਨੀ ਨੂੰ "ਦੁੱਕੀ ਤੀਵੀਂ" ਕਹਿਣ ਦੀ ਕੀ ਲੋੜ ਸੀ? ਉਸ ਵੇਲੇ ਤੁਹਾਨੂੰ ਇਹ ਹੋਸ਼ ਕਿਉਂ ਨਹੀਂ ਆਇਆ, ਕਿ ਅਸੀਂ ਪੰਜਾਬ ਦੇ ਪਿੰਡਾਂ ਵਿੱਚ ਪ੍ਰਚਾਰ ਕਰਨਾਂ ਹੈ ? ਜੇ ਤੁਸਾਂ ਪੰਜਾਬ ਵਿੱਚ ਰਹਿ ਕੇ ਪਿੰਡਾਂ ਵਿੱਚ ਹੀ ਪ੍ਰਾਚਰ ਕਰਨਾਂ ਸੀ ਤੇ ਬਾਦਲ ਨੂੰ ਇਸ "ਧਰਤੀ ਤੇ ਭਾਰ" ਕਹਿ ਕੇ ਭੋਲੇ ਭਾਲੇ ਸਿੱਖਾਂ ਨੂੰ ਮੂਰਖ ਬਣਾਂ ਕੇ "ਹੀਰੋ" ਬਨਣ ਦੀ ਕੀ ਲੋੜ ਸੀ? ਉਸ ਵੇਲੇ ਤੁਹਾਨੂੰ ਇਹ ਯਾਦ ਨਹੀਂ ਸੀ ਕਿ ਅਸੀਂ ਪਿੰਡਾਂ ਵਿੱਚ ਪ੍ਰਚਾਰ ਜੋਗੇ ਹੀ ਹਾਂ, ਇਸ ਤੋਂ ਵੱਧ ਸਾਡੀ ਕੋਈ ਕਾਬਲੀਅਤ ਹੈ ਹੀ ਨਹੀਂ ਸੀ? ਇਨਾਂ ਲੋਕਾਂ ਨੂੰ ਸਿਧਾਂਤ ਨਾਮ ਦੀ ਕਿਸੇ ਚੀਜ ਦਾ ਪਤਾ ਹੀ ਨਹੀਂ। ਮਰੀ ਅਣਖ ਵਾਲੇ ਇਨਾਂ ਲੋਕਾਂ ਨੂੰ ਇਹ ਵੀ ਇਹਸਾਸ ਨਹੀਂ ਕਿ ਸਿੱਖ ਅਪਣੀ ਪੱਤ ਅਤੇ ਅਣਖ ਲਈ ਹੀ ਜੀਵਿਆ ਹੈ ਅਤੇ ਅਪਣੀ ਅਣਖ ਲਈ ਹੀ ਮਰਿਆ ਹੈ।
ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥

ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਇਹ ਲੋਕ ਸ਼ਾਇਦ ਗੁਰਬਾਣੀ ਦੇ ਇਸ ਸ਼ਲੋਕ ਨੂੰ ਵੀ ਭੁਲ ਚੁਕੇ ਹਨ। ਇਹ ਕਹਿੰਦੇ ਨੇ ਕੇ "ਖਟਿਆ" ਕੀ ਹੈ ? ਇਹ ਅਪਣੀ ਜਮੀਰ ਅਤੇ ਅਣਖ ਨੂੰ ਵੇਚ ਕੇ "ਖਟਿਆ" ਕਰਨ ਦੀਆਂ ਗਲਾਂ ਕਰਦੇ ਨੇ। ਨਫੇ ਅਤੇ ਨੁਕਸਾਨ ਦਾ ਖਾਤਾ ਖੋਲ ਕੇ ਨਵੇਂ ਨਵੇਂ ਸਿਧਾਂਤਾਂ ਅਤੇ ਨੀਤੀਆਂ ਦੀ ਸਿਰਜਨਾਂ ਕਰਦੇ ਨੇ।
ਇਕ ਅਖੌਤੀ ਵਿਦਵਾਨ ਨੇ ਅਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਤਾਂ ਕੌਮ ਦੀ ਸਤਕਾਰਤ ਸ਼ਖਸ਼ਿਯਤ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੂੰ ਇਥੋਂ ਤਕ ਲਿਖ ਦਿਤਾ ਕਿ "...ਅਕਾਲ ਤਖਤ ਤੇ ਜਾਕੇ ਤੁਸੀਂ ਕਿਸ ਦੇ ਅਗੇ ਅਰਦਾਸ ਕਿਤੀ ? ਕੀ ਛੇਵੇ ਪਾਤਸ਼ਾਹ ਨੇ ਤੁਹਾਡੀ ਅਰਦਾਸ ਸੁਣੀ ?... ਜੇ ਸੁਣੀ ਤਾਂ ਇਨਾਂ ਪੁਜਾਰੀਆਂ ਨੂੰ ਇਹ ਮਤਿ ਕਿੳ ਨਹੀਂ ਦਿੱਤੀ ਕੇ ਉਹ ਅਕਾਲ ਤਖਤ ਤੇ ਆ ਕੇ ਤੁਹਾਡਾ ਸਪਸ਼ਟੀਕਰਣ ਲੈ ਲੈਦੇ....." । ".....ਜੇ ਇਹ ਪੁਜਾਰੀ ਉੱਥੇ ਆ ਜਾਂਦੇ ਤਾਂ ਕੀ ਤੁਸੀਂ ਸਪਸ਼ਟੀਕਰਣ ਉਨਾਂ ਨੂੰ ਦੇਣਾਂ ਸੀ ਜਾਂ ਛੇਵੇ ਪਾਤਸ਼ਾਹ ਨੂੰ ?......""....ਕੀ ਇਟਾਂ ਅਤੇ ਗਾਰੇ ਦੀ ਇਮਾਰਤ ਨੂੰ ਅਪਣਾਂ ਸਪਸਟੀਕਰਣ ਦੇਣ ਗਏ ਸਾਉ ?....." ਆਦਿਕ

ਜਾਗਰੂਕ ਅਖਵਾਉਣ ਵਾਲੇ ਇਹੋ ਜਹੇ ਲੋਕਾਂ ਦੀ ਮਾਨਸਿਕਤਾ ਤੇ ਤਰਸ ਆਂਉਦਾ ਹੈ, ਜਿਨਾਂ ਨੇ ਅਪਣੀ ਦੰਭੀ ਵਿਦਵਤਾ ਦੇ ਕਾਰਣ ਕੌਮ ਨੂੰ ਇਨੀ ਵੱਡੀ ਢਾਅ ਲਾਈ ਹੈ, ਜਿਨੀ ਕਿ ਸ਼ਾਇਦ ਹੀ ਕਿਸੇ ਪੰਥ ਵਿਰੋਧੀ ਤਾਕਤ ਨੇ ਲਾਈ ਹੋਵੇ। ਕੌਮ ਦੀ ਮੌਜੂਦਾ ਹਾਲਤ ਦੇ ਸਭ ਤੋਂ ਵਡੇ ਗੁਨਹਿਗਾਰ ਇਹ ਅਖੌਤੀ ਵਿਦਵਾਨ ਹੀ ਹਨ। ਇਹ ਲੋਕ ਇਨੇ ਵੱਡੇ ਵਿਦਵਾਨ ਹਨ ਕਿ ਇਨਾਂ ਨੂੰ ਅਪਣੇ ਕੀਤੇ ਗੈਰ ਸਿਧਾਤਕ ਕਮਾਂ 'ਤੇ ਪਰਦੇ ਪਾਉਣ ਵੇਲੇ ਅਕਾਲ ਤਖਤ, "ਇਟਾਂ ਅਤੇ ਗਾਰੇ ਦੀ ਬਣੀ ਇਮਾਰਤ", "ਮੱੜ੍ਹੀ ਅਤੇ ਮਕਬਰੇ" ਤੋਂ ਵੱਧ ਕੁਝ ਵੀ ਨਹੀਂ ਲਗਦਾ। ਇਹ ਸਿੱਖ ਦੀ ਅਰਦਾਸ ਨੂੰ ਇਕ ਪਾਖੰਡ ਅਤੇ ਕਰਮਕਾਂਡ ਸਮਝਦੇ ਹਨ। ਇਨਾਂ ਦੇ ਹਿਸਾਬ ਨਾਲ ਸਿੱਖ ਜੋ ਅਰਦਾਸ ਕਰਦਾ ਹੈ, ਉਹ ਉਸਦੇ ਗੁਰੁ ਜਾਂ ਅਕਾਲਪੁਰਖ ਤਕ ਨਹੀਂ ਪੁਜਦੀ। ਕੀ ਇਹ ਅਰਦਾਸ ਨਹੀਂ ਕਰਦੇ? ਕੀ ਇਹ ਅਕਾਲ ਤਖਤ ਦੀ ਮਹਾਨਤਾ ਨੂੰ ਨਹੀਂ ਸਵੀਕਾਰਦੇ? ਕੀ ਇਹ "ਝੰਡੇ ਬੂੰਗੇ ਜੁਗੋ ਜੁਗ ਅਟੱਲ" ਦੇ ਕਾਂਸੇਪਟ ਨੂੰ ਵੀ ਨਹੀਂ ਮਣਦੇ।
ਇਨਾਂ ਨੂੰ ਕੌਣ ਸਮਝਾਵੇ ਕੇ ਪ੍ਰੋਫੇਸਰ ਸਾਹਿਬ ਅਕਾਲ ਤਖਤ ਦੇ ਸਤਕਾਰ ਵਜੋਂ ਇਕ ਨਿਮਾਣੇ ਸਿੱਖ ਵਾਂਗ ਉਥੇ ਗਏ ਸਨ। ਜੇ ਬੁਰਛਾਗਰਦ ਸੰਗਤ ਵਿੱਚ, ਗੁਰੂ ਸਾਹਿਬ ਦੀ ਹਜੂਰੀ ਵਿੱਚ ਉਨਾਂ ਕੋਲੋਂ ਸਪਸਟੀਕਰਣ ਲੈਂਦੇ ਤਾਂ ਬੁਰਛਾਗਰਦਾਂ ਦੇ ਗੈਰ ਸਿਧਾਂਤਕ ਤਰੀਕਿਆਂ ਅਤੇ ਬ੍ਰਾਹਮਣੀ ਵਿਵਸਥਾ ਦੀਆਂ ਸਾਰੀ ਸੰਗਤ ਅਤੇ ਕੌਮ ਦੇ ਸਾਮ੍ਹਣੇ ਧੱਜੀਆ ਉਡ ਜਾਣੀਆਂ ਸਨ। ਪ੍ਰੋਫੇਸਰ ਸਾਹਿਬ ਇਨਾਂ ਵਾਂਗ ਚੁਪ ਚਾਪ ਉਨਾਂ ਬੁਰਛਾਗਰਦਾਂ ਨੂੰ "ਸਿੰਘ ਸਾਹਿਬਾਨ" ਕਹਿ ਕੇ ਉਨਾਂ ਦੇ ਪੈਰਾਂ ਤੇ ਡਿਗ ਕੇ ਅਪਣੇ ਜਮੀਰ ਨੂੰ ਮਾਰਨ ਨਹੀਂ ਸਨ ਗਏ ।
ਪ੍ਰੋਫੇਸਰ ਸਾਹਿਬ ਦੀ ਇਸ ਨੀਤੀ ਨੂੰ "ਬੁਰਛਾਗਰਦ" ਬਹੁਤ ਚੰਗੀ ਤਰ੍ਹਾਂ ਸਨਝਦੇ ਸਨ, ਕਿ ਸਾਡੇ ਕੋਲ ਉਨਾਂ ਦੇ ਸਵਾਲਾਂ ਦਾ ਇਕ ਵੀ ਜਵਾਬ ਨਹੀਂ ਦੇਣ ਹੋਣਾ, ਇਸੇ ਲਈ ਉਹ ਚਾਲਾਕ ਪੁਜਾਰੀ ਜੂੰਡਲੀ ਪ੍ਰੋਫੇਸਰ ਸਾਹਿਬ ਦੇ ਸਾਮ੍ਹਣੇ ਸੰਗਤ ਵਿੱਚ ਨਹੀਂ ਆਈ। ਪ੍ਰੋਫੇਸਰ ਸਾਹਿਬ ਦੇ ਚਲੇ ਜਾਣ ਤੋਂ ਬਾਅਦ ਉਸੇ ਥਾਂ ਤੇ ਆ ਕੇ ਇਕ ਖਲੀਫਾ ਪੁਜਾਰੀ ਨੇ ਅਪਣਾਂ ਫਤਵਾ ਪੜ੍ਹ ਕੇ ਸੁਣਾਇਆ। ਅਕਾਲ ਤਖਤ ਦਾ ਹੈਡ ਗ੍ਰੰਥੀ ਹੋਕੇ ਇਹ ਕੁਫਰ ਤੋਲਿਆ ਕਿ "ਪ੍ਰੋਫੇਸਰ ਤਾਂ ਆਇਆ ਹੀ ਨਹੀਂ"।
ਪ੍ਰੋਫੇਸਰ ਸਾਹਿਬ ਨੇ ਜੋ ਸਪਸਟੀਕਰਣ ਦੀ ਫਾਇਲ ਬਣਾਈ ਸੀ ਉਸ ਨੂੰ ਕਈ ਦਿਨ ਪਹਿਲਾਂ ਕੌਮ ਦੇ ਅਗੇ ਜਨਤਕ ਕਰ ਦਿਤਾ ਸੀ। ਇਨਾਂ ਵਾਂਗ ਉਸ "ਸਕਤਰੇਤ" ਵਿੱਚ ਬੁਰਛਾਗਰਦਾਂ ਦਾ "ਡਿਕਟੇਟ" ਕੀਤਾ ਹੋਇਆ ਮਾਫੀਨਾਮਾ ਭੂੰਜੇ ਬੈਠ ਕੇ ਨਹੀਂ ਸੀ ਲਿਖਿਆ, ਜਿਸ ਬਾਰੇ ਕੌਮ ਨੂੰ ਅੱਜ ਤਕ ਨਹੀਂ ਦਸਿਆ ਗਇਆ ਅਤੇ ਗੁੰਮਰਾਹ ਕੀਤਾ ਗਇਆ। ਬਾਹਰ ਆ ਕੇ ਝੂਠ ਬੋਲਿਆ ਕਿ ਸਾਡਾ ਸਕਤੱਰੇਤ ਵਿੱਚ ਬਹੁਤ ਸਤਕਾਰ ਕੀਤਾ ਗਇਆ। ਬੁਰਛਾਗਰਦ ਇੰਨੇ ਵੀ ਮੂਰਖ ਨਹੀਂ ਸਨ। ਉਨਾਂ ਨੇ ਦੂਜੇ ਦਿਨ ਹੀ ਇਨਾਂ ਦੀਆਂ ਸਕਤੱਰੇਤ ਵਿੱਚ ਖਿਚੀਆਂ ਤਸਵੀਰਾਂ ਪਬਲਿਸ਼ ਕਰ ਦਿਤੀਆਂ, ਜਿਸ ਵਿੱਚ ਇਹ ਸਕੂਲ ਦੇ ਬਚਿਆਂ ਵਾਂਗ ਖੜੇ ਹੋਕੇ ਅਪਣੀ ਕਲਾਸ ਲਵਾ ਰਹੇ ਹਨ।
ਰੋਟੀਆਂ ਕਾਰਣ ਤਾਲ ਪੂਰਨ ਵਾਲੇ ਪ੍ਰਚਾਰਕਾਂ ਤੋਂ ਜਰੂਰਤ ਤੋਂ ਵੱਧ ਉਮੀਦਾਂ ਕਰਨਾ, ਸਾਡੀ ਹੀ ਗਲਤੀ ਸੀ। ਇਹ ਪੇਸ਼ੇਵਰ ਪ੍ਰਚਾਰਕ ਕੋਈ ਕ੍ਰਾਂਤੀ ਨਹੀਂ ਲਿਆਇਆ ਕਰਦੇ। ਹਾਰੇ ਹੋਏ ਯੋਧੇ ਹੁਣ "ਲਹਿਰਾਂ" ਬਨਾਉਣ ਦੀਆ ਗੱਲਾਂ ਕਰਦੇ ਫਿਰਦੇ ਨੇ। 20 ਸਾਲਾਂ ਤੋਂ ਪੁਜਾਰੀਵਾਦ ਦੇ ਖਿਲਾਫ ਬਣੀ ਲਹਿਰ ਨੂੰ "ਸਕੱਤਰੇਤ" ਵਿਚ ਜਾ ਕੇ ਇਕ ਦਿਨ ਵਿੱਚ ਨੇਸਤੇ ਨਾਬੂਦ ਕਰ ਦੇਣ ਵਾਲੇ, ਹੁਣ ਕਿਸ "ਲਹਿਰ" ਦੀ ਗਲ ਕਰਦੇ ਫਿਰ ਰਹੇ ਨੇ? ਬਹੁਤ ਵਲੂੰਧਰ ਲਿਆ ਤੁਸਾਂ ਸਾਡਾ ਦਿਲ, ਹੁਣ ਤੁਹਾਡੇ ਝਾਂਸੇ ਵਿੱਚ ਅਸੀਂ ਆਉਣ ਵਾਲੇ ਨਹੀਂ। ਹੁਣ ਤਾਂ ਇੰਜ ਲਗਦਾ ਹੈ ਕਿ ਇਹ ਵੀ ਉਨਾਂ ਬੁਰਛਾਗਰਦਾਂ ਦਾ ਹੀ ਇਕ ਅੰਗ ਬਣ ਚੁਕੇ ਹਨ ।
ਇਨਾਂ ਅਖੋਤੀ ਵਿਦਵਾਨਾਂ ਦੀ ਸੋਚ ਨੂੰ ਵੇਖ ਕੇ ਮੈਨੂੰ ਨਾਭਾ ਰਾਜ ਦੇ ਮਹਾਰਾਜਾ ਹੀਰਾ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਦੇ ਇਤਿਹਾਸ ਦੀ ਯਾਦ ਆ ਜਾਂਦੀ ਹੈ, ਜਿਨਾਂ ਨੇ ਅੰਗ੍ਰੇਜਾਂ ਦੀ ਈਨ ਮਨਣ ਦੀ ਬਜਾਇ ਅਪਣਾ ਰਾਜ ਪਾਠ ਸਭ ਕੁਝ ਬਲਿਦਾਨ ਕਰ ਦਿਤਾ ਲੇਕਿਨ, ਗੁਰਮਤਿ ਅਤੇ ਸਿਧਾਂਤਾਂ ਦਾ ਪੱਲਾ ਕਦੀ ਵੀ ਨਹੀਂ ਛਡਿਆ। ਆਉ ਇਤਿਹਾਸ ਦੇ ਇਸ ਵ੍ਰਤਾਂਤ ਨਾਲ ਇਨਾਂ ਸਿੱਖਾਂ ਦੀ ਸੋਚ ਦੀ ਤੁਲਨਾਂ ਕਰਦੇ ਹਾਂ।
ਮਹਾਰਾਜਾ ਹੀਰਾ ਸਿੰਘ 1871 ਨੂੰ ਨਾਭੇ ਦੀ ਗੱਦੀ ਤੇ ਬੈਠੇ। ਅਪਣੇ ਰਾਜ ਦੇ ਲੋਕਾਂ ਨੂੰ ਇਨਾਂ ਨੇ ਬਹੁਤ ਹੀ ਸੁੱਖ ਸ਼ਾਂਤੀ ਭਰਿਆ ਸ਼ਾਸ਼ਨ ਦਿੱਤਾ। ਅੰਗਰੇਜ਼ ਵਿਦਵਾਨ ਮੈਕਾਲਫ ਨੇ 'ਦਿ ਸਿੱਖ ਰਿਲੀਜ਼ਨ' ਕਿਤਾਬ ਲਿਖੀ, ਜਿਸ ਵਿੱਚ ਮਹਾਰਾਜਾ ਹੀਰਾ ਸਿੰਘ ਨੇ ਉਸ ਦੀ ਬਹੁਤ ਮਾਲੀ ਮਦਦ ਕੀਤੀ। ਮਹਾਰਾਜਾ ਹੀਰਾ ਸਿੰਘ ਇੱਕ ਇਨਸਾਫ ਪਸੰਦ ਅਤੇ ਵਿਦਵਾਨਾਂ ਦੀ ਕਦਰ ਕਰਨ ਵਾਲੇ ਰਾਜਾ ਸਨ। ਗੁਰੂ ਨੂੰ ਮੰਨਣ ਵਾਲੇ ਮਹਾਨ ਸਿੱਖ ਸਨ। ਲੋਕੀਂ ਕਿਸੇ ਵੇਲੇ ਵੀ ਅਪਣੀ ਫਰਿਯਾਦ ਲੈ ਕੇ ਇਨਾਂ ਕੋਲ ਪਹੁੰਚ ਜਾਂਦੇ ਸਨ, ਅਤੇ ਇਹ ਬਹੁਤ ਹੀ ਕੁਸ਼ਲ ਢੰਗ ਨਾਲ ਉਨਾਂ ਦੀ ਮਦਦ ਕਰਦੇ ਸਨ। ਟਿੱਕਾ ਰਿਪੁਦਮਨ ਸਿੰਘ ਦਾ ਜਨਮ ਹੀਰਾ ਸਿੰਘ ਦੇ ਘਰ ਹੋਇਆ। ਸਨ 1911 ਵਿੱਚ ਮਹਾਰਾਜਾ ਹੀਰਾ ਸਿੰਘ ਦਾ ਦਿਹਾਂਤ ਨਾਭਾ ਵਿਖੇ ਹੋ ਗਿਆ। 1922 ਵਿੱਚ ਰਾਜਾ ਰਿਪੁਦਮਨ ਸਿੰਘ ਮਹਾਰਾਜਾ ਬਣੇ। ਮਹਾਰਾਜਾ ਰਿਪੁਦਮਨ ਸਿੰਘ ਤੇ ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਸਿੱਖ ਪੰਥ ਦੇ ਮਹਾਨ ਗ੍ਰੰਥ "ਮਹਾਨ ਕੋਸ਼" ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਦਾ ਵਿਸ਼ੇਸ਼ ਪ੍ਰਭਾਵ ਸੀ। ਇਹ ਪੱਕੇ ਗੁਰਸਿੱਖ ਸਨ।
ਉਸ ਵੇਲੇ ਇਹ ਨਿਯਮ ਸੀ ਕਿ ਜਦੋਂ ਵੀ ਕੋਈ ਰਾਜਾ ਗੱਦੀ ਤੇ ਬੈਠਦਾ ਤਾਂ ਅੰਗਰੇਜ ਗਵਰਨਰ ਉਸ ਨੂੰ ਇਕ ਸਰਟੀਫਿਕੇਟ ਦੇ ਕੇ ਗੱਦੀ ਤੇ ਬਿਠਾਂਉਦਾ ਸੀ। ਇਹਨਾਂ ਨੇ ਆਪਣੀ ਤਾਜਪੋਸ਼ੀ ਅੰਗਰੇਜ਼ਾਂ ਦੀ ਧੌਂਸ ਨਾ ਝਲਦੇ ਹੋਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਤੋਂ ਕਰਵਾਈ ।
ਇਹ ਗਲ ਅੰਗ੍ਰੇਜਾਂ ਨੂੰ ਨਾਗਵਾਰ ਗੁਜਰੀ। ਜਦੋਂ ਅੰਗਰੇਜ਼ ਸਰਕਾਰ ਨੇ ਮਹਾਰਾਜਾ ਜੀ ਨੂੰ ਸੱਦ ਕੇ ਜਵਾਬ ਤਲਬੀ ਕੀਤੀ ਕਿ ਤੁਸੀਂ ਆਪਣੀ ਤਾਜ ਪੋਸ਼ੀ ਅੰਗਰੇਜ਼ ਗਵਰਨਰ ਦੇ ਸਾਹਮਣੇ ਕਿਉਂ ਨਹੀਂ ਕੀਤੀ, ਤਾਂ ਮਹਾਰਾਜਾ ਰਿਪੁਦਮਨ ਸਿੰਘ ਨੇ ਕਿਹਾ ਕਿ ਅੰਗਰੇਜ਼ਾਂ ਦਾ ਮੇਰੀ ਤਾਜਪੋਸ਼ੀ ਨਾਲ ਕੀ ਸਬੰਧ? ਰਾਜ ਭਾਗ ਸਾਨੂੰ ਸਾਡੇ ਗੁਰੂਆਂ ਦੀ ਬਖਸਿਸ ਹੈ। ਮਹਾਰਾਜਾ ਦੇ ਇਹ ਬਾਗੀ ਤੇਵਰ ਅੰਗਰੇਜ਼ਾਂ ਦੇ ਕਿਵੇਂ ਗਲੋਂ ਹੇਠਾਂ ਉਤਰ ਸਕਦੇ ਸਨ। ਮਹਾਰਾਜਾ ਰਿਪੁਦਮਨ ਸਿੰਘ ਅੰਗਰੇਜ਼ਾਂ ਨੂੰ ਦਿਲੋਂ ਪਸੰਦ ਨਹੀਂ ਸਨ ਕਰਦੇ। ਉਹ ਇਹ ਬਿਲਕੁਲ ਬਰਦਾਸਤ ਨਹੀਂ ਸਨ ਕਰਦੇ ਕਿ ਅੰਗਰੇਜ਼ ਸਰਕਾਰ ਰਾਜ ਭਾਗ ਵਿੱਚ ਦਖਲ ਅੰਦਾਜ਼ੀ ਕਰੇ। ਉਹ ਅੰਗਰੇਜ਼ ਅਫਸਰਾਂ ਜਾਂ ਸਰਕਾਰ ਨੂੰ ਸਲਾਮ ਵੀ ਨਹੀਂ ਸਨ ਕਰਦੇ, ਜਿਸ ਤਰ੍ਹਾਂ ਉਸ ਵੇਲੇ ਆਮ ਹੀ ਪਰੰਪਰਾ ਸੀ।
ਸਿੱਖ ਅਨੰਦ ਮੈਰਿਜ ਐਕਟ ਇਹਨਾਂ ਦੀ ਬਦੌਲਤ ਹੀ ਲਾਗੂ ਹੋ ਸਕਿਆ। ਅੰਗਰੇਜ਼ਾਂ ਦੇ ਵਿਰੋਧੀ ਹੋਣ ਕਾਰਨ ਅੰਗਰੇਜ਼ਾਂ ਨੇ ਇਹਨਾਂ ਨੂੰ ਵਤਨ ਬਦਰ ਕਰ ਦਿੱਤਾ। 1923 ਨੂੰ ਰਾਜ ਭਾਗ ਤੋਂ ਵੱਖ ਕਰਕੇ 3 ਲੱਖ ਸਲਾਨਾ ਪੈਨਸ਼ਨ ਮੁਕਰਰ ਕਰਕੇ ਦੇਹਰਾਦੂਨ ਭੇਜ ਦਿੱਤਾ। ਇਸ ਤਰ੍ਹਾਂ ਨਾਭਾ ਰਿਆਸਤ ਤੇ ਅੰਗਰੇਜ਼ਾਂ ਦਾ ਰਾਜ ਹੋ ਗਇਆ। ਕਹਿੰਦੇ ਹਨ ਕਿ ਜਦੋਂ ਮਹਾਰਾਜਾ ਰਿਪੁਦਮਨ ਸਿੰਘ ਨੂੰ ਅੰਗਰੇਜ਼ ਗ੍ਰਿਫਤਾਰ ਕਰਨ ਲਈ ਆਏ ਸਨ, ਤਾਂ ਰੋਹਟੀ ਪੁਲ ਤੋਂ ਲੈਕੇ ਹੀਰਾ ਮਹਿਲ ਤੱਕ ਬੜੀ ਭਾਰੀ ਤਦਾਦ ਵਿੱਚ ਪੁਲਸ ਫੋਰਸਾਂ ਤੈਨਾਤ ਸਨ, ਜਿਵੇਂ ਕਿ ਕਿਸੇ ਡਾਕੂ ਜਾਂ ਅਪਰਾਧੀ ਨੂੰ ਫੜਨਾ ਹੋਵੇ।
ਰਿਪੁਦਮਨ ਸਿੰਘ ਉਹ ਗੁਰਮਤਿ ਦੇ ਧਾਰਣੀ ਮਹਾਰਾਜੇ ਸਨ ਜੋ ਅੰਗਰੇਜ਼ਾਂ ਦੇ ਖਿਲਾਫ ਲਗਾਏ ਅਕਾਲੀ ਮੋਰਚਿਆਂ ਦਾ ਸਮਰੱਥਨ ਕਾਲੀ ਦਸਤਾਰ ਸਜਾ ਕੇ ਕਰਦੇ ਸਨ। 1927 ਨੂੰ ਮਹਾਰਾਜਾ ਜੀ ਨੇ ਸ਼੍ਰੀ ਹਜ਼ੂਰ ਸਾਹਿਬ ਜਾ ਕੇ ਅੰਮ੍ਰਿਤ ਛਕ ਲਿਆ ਤੇ ਆਪਣਾ ਨਾਂ ਸ. ਗੁਰਚਰਨ ਸਿੰਘ ਰੱਖ ਲਿਆ। ਅੰਗਰੇਜ਼ਾਂ ਨੇ ਜਿਹਨਾਂ ਸ਼ਰਤਾਂ ਤੇ ਮਹਾਰਾਜ ਨੂੰ ਰਾਜ ਭਾਗ ਤੋਂ ਪਰੇ ਕੀਤਾ ਸੀ, ਉਸ ਮੁਤਾਬਿਕ ਮਹਾਰਾਜਾ ਪੂਰੇ ਨਹੀਂ ਉਤਰਨ ਦਾ ਬਹਾਨਾ ਲਗਾ ਕੇ, ਉਹਨਾਂ ਦੀ ਪੈਨਸ਼ਨ 3 ਲੱਖ ਤੋਂ ਘਟਾ ਕੇ ਇੱਕ ਲੱਖ ਵੀਹ ਹਜ਼ਾਰ ਕਰ ਦਿੱਤੀ ਅਤੇ ਉਸਦੀ ਮਹਾਰਾਜਾ ਦੀ ਪਦਵੀ ਜ਼ਬਤ ਕਰਕੇ ਉਹਨਾਂ ਨੂੰ ਮਦਰਾਸ ਦੇ ਇਲਾਕੇ ”ਕੌਡ ਦਨਾਲ” ਭੇਜ ਦਿੱਤਾ। 1928 ਨੂੰ ਦੇਹਰਾਦੂਨ ਵਿਖੇ ਟਿੱਕਾ ਪ੍ਰਤਾਪ ਸਿੰਘ ਨੂੰ ਇੱਕ ਪੱਤਰ ਦਿੱਤਾ, ਜਿਸ ਵਿੱਚ ਲਿਖਿਆ ਸੀ ਤੁਹਾਨੂੰ ਨਾਭੇ ਦਾ ਰਾਜਾ ਮੰਨ ਲਿਆ ਹੈ। ਦੇਸ ਦੀ ਅਜ਼ਾਦੀ 1947 ਤੱਕ ਹੋਰ ਰਿਆਸਤਾਂ ਦੀ ਤਰ੍ਹਾਂ ਨਾਭਾ ਦੀ ਇੱਕ ਰਾਜਾਸ਼ਾਹੀ ਰਿਆਸਤ ਰਹੀ ਹੈ, ਜਿਸ ਦੇ ਆਖਰੀ ਰਾਜਾ ਮਹਾਰਾਜਾ ਪ੍ਰਤਾਪ ਸਿੰਘ ਰਹੇ ਹਨ ।
ਮਹਾਰਾਜਾ ਨੇ ਅਪਣੇ ਰਾਜ ਭਾਗ ਦੀ ਪਰਵਾਹ ਨਹੀਂ ਕੀਤੀ, ਲੇਕਿਨ ਉਨਾਂ ਅੰਗ੍ਰੇਜਾਂ ਦੀ ਝੂਠੀ ਈਨ ਨਾ ਮੰਨਦੇ ਹੋਏ ਨਾਭੇ ਤੋਂ ਕਿਨਾਰਾ ਕਰ ਲਿਆ। ਉਸ ਵੇਲੇ ਵੀ ਅਜੋਕੀ ਮਾਨਸਿਕਤਾ ਵਾਲੇ ਕਈ ਲੋਗ ਮੌਜੂਦ ਸਨ। ਕਿਸੇ ਨੇ ਮਹਾਰਾਜਾ ਨੂੰ ਮੂਰਖ ਕਹਿਆ, ਕਿਸੇ ਨੇ ਮਹਾਰਾਜੇ ਨੂੰ ਅਹੰਕਾਰੀ ਕਹਿਆ ਅਤੇ ਕਿਸੇ ਨੇ ਇਨਾਂ ਵਾਂਗ ਹੀ ਕਹਿਆ ਕਿ "ਕੀ ਖਟਿਆ" ਮਹਾਰਾਜੇ ਨੇ? ਜੇ ਅੰਗ੍ਰੇਜਾਂ ਦੀ ਖੁਸ਼ਾਮਦ ਕਰਦਾ ਤਾਂ ਅੱਜ ਰਾਜ ਭਾਗ ਨਾਂ ਗਵਾਂਦਾ, ਜਿਵੇਂ ਅੱਜ ਨਫੇ ਅਤੇ ਨੁਕਸਾਨ ਦੀ ਗਲ ਕਰਨ ਵਾਲੇ ਵਾਲੇ ਜਮੀਰ ਅਤੇ ਅਣਖ ਤੋਂ ਵਿਹੂਣੇ ਸਿੱਖ ਕਹਿੰਦੇ ਫਿਰਦੇ ਨੇ "ਜੇ ਸਕਤੱਰੇਤ ਦੀਆਂ ਚਾਰ ਪਉੜ੍ਹੀਆਂ ਚੱੜ੍ਹ ਜਾਂਦੇ, ਤਾਂ ਕੀ ਘੱਟ ਜਾਂਣਾਂ ਸੀ", ਅੱਜ ਕੀਰਤਨ ਵੀ ਕਰਦੇ ਰਹਿੰਦੇ ਅਤੇ ਪ੍ਰਚਾਰ ਵੀ ਕਰਦੇ ਰਹਿੰਦੇ।
ਨਫੇ ਅਤੇ ਨੁਕਸਾਨ ਦਾ ਵਹੀਖਾਤਾ ਲੈ ਕੇ ਅਪਣੀ ਜਮੀਰ ਅਤੇ ਅਣਖ ਦਾ ਸੌਦਾ ਕਰਣ ਵਾਲੇ ਇਹ ਬਾਣੀਏ ਕੀ ਸਮਝਣਗੇ ਕਿ ਸਿੱਖ ਦੀ ਅਣਖ ਅਤੇ ਜਮੀਰ ਹੀ ਉਸ ਦਾ ਸਭਤੋਂ ਵੱਡਾ ਸਰਮਾਇਆ ਹੁੰਦਾ ਹੈ? ਛੋਟੇਛੋਟੇ ਸਾਹਿਬਜਾਦੇ ਜੇ ਸੁਲਤਾਨ ਦੀ ਈਨ ਮੰਨ ਲੈਂਦੇ ਤਾਂ ਉਨਾਂ ਨੂੰ ਸ਼ਹਾਦਤ ਹੀ ਨਹੀਂ ਸੀ ਦੇਣੀ ਪੈਣੀ। ਜੇ ਬੰਦਾ ਸਿੰਘ ਬਹਾਦੁਰ ਮੁਗਲ ਸ਼ਾਸਕਾਂ ਦੀ ਇਨੀ ਕੁ ਗਲ ਮੰਨ ਕੇ ਕਹਿ ਦੇਂਦੇ ਕਿ "ਮੈਂ ਗੁਰੂ ਦਾ ਸਿੱਖ ਨਹੀਂ" ਤੇ ਉਨਾਂ ਨੂੰ ਅਪਣੇ ਮਾਸੂਮ ਬੱਚੇ ਦਾ ਕਤਲ ਅਪਣੇ ਸਾਮ੍ਹਣੇ ਹੁੰਦਿਆਂ ਨਹੀਂ ਸੀ ਵੇਖਣਾਂ ਪੈਂਣਾਂ। ਪੰਜਵੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਨਹੀਂ ਸੀ ਬਹਿਣਾ ਪੈਣਾ।

ਵੀਰੋ, ਅਸੀਂ ਗੁਰੂ ਦੇ ਉਨਾਂ ਸਿੱਖਾਂ ਵਾਂਗ ਨਹੀਂ ਰਹੇ। ਅਸੀਂ ਤਾਂ ਨਫੇ ਨੁਕਸਾਨ ਵਿੱਚ ਪੈ ਕੇ ਬਾਣੀਏ ਅਤੇ ਬਿਜਨੇਸ ਮੈਨ ਬਣ ਚੁਕੇ ਹਾਂ। ਅਸੀਂ ਪਲ ਪਲ ਅਪਣੀ ਜਮੀਰ ਅਤੇ ਅਣਖ ਨੂੰ ਭੰਗ ਦੇ ਭਾੜੇ ਰੋੜ ਰਹੇ ਹਾਂ।ਇਕ ਵਿਦਵਾਨ ਨੇ ਤਾਂ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਬਿਅੰਤ ਸਿੰਘ ਨੂੰ ਹੀ ਮੂਰਖ ਤਕ ਕਹਿ ਦਿਤਾ। ਉਸਨੇ ਕਹਿਆ ਕਿ ਇਨਾਂ ਨੇ ਕੇੜ੍ਹੀ ਕਮਾਈ ਕੀਤੀ? ਇਕ ਇੰਦਰਾ ਨੂੰ ਮਾਰ ਕੇ 20 ਹਜਾਰ ਸਿੱਖਾਂ ਦੇ ਕਤਲ ਕਰਵਾ ਦਿਤੇ।
ਮੈਂ ਸੋਚਦਾ ਹਾਂ ਕਿ ਇਹੋ ਜਹੇ ਸਿਆਣੇ ਲੋਗ ਪਹਿਲਾਂ ਪੈਦਾ ਕਿਉਂ ਨਹੀਂ ਹੋਏ? ਇਹੋ ਜਹੀ ਸੋੱਚ ਵਾਲੇ ਸਿੱਖ ਪਹਿਲਾਂ ਕਿਥੇ ਸਨ? ਜੇ ਇਹੋ ਜਹੇ ਵਿਦਵਾਨ ਸਿੱਖੀ ਵਿੱਚ ਪਹਿਲਾਂ ਪੈਦਾ ਹੋ ਗਏ ਹੁੰਦੇ, ਤਾਂ ਨਾ ਮੀਰ ਮੰਨੂੰ ਨੇ 50 ਹਜਾਰ ਸਿੱਖਾਂ ਦਾ ਕਤਲ ਕਰਨਾਂ ਸੀ ਅਤੇ ਨਾ ਹੀ 1984 ਦਾ ਕਤਲੇਆਮ ਹੋਣਾਂ ਸੀ। ਜੇ ਅੱਜ ਅਸੀਂ ਕੌਮ ਦੇ ਮਹਾਨ ਮਹਾਰਾਜੇ ਹੀਰਾ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਦਾ ਜਿਕਰ ਸਤਕਾਰ ਅਤੇ ਸਵੈਮਾਨ ਨਾਲ ਕਰ ਰਹੇ ਹਾਂ, ਤਾਂ ਉਸ ਦਾ ਇਕੋ ਇਕ ਕਾਰਣ ਹੈ ਕਿ ਉਨਾਂ ਨੇ ਅਪਣੀ ਅਣਖ ਅਤੇ ਜਮੀਰ ਨੂੰ ਉੱਚਾ ਅਤੇ ਸੁੱਚਾ ਰਖਣ ਲਈ ਅਪਣਾਂ ਰਾਜ ਭਾਗ ਸਭ ਬਲਿਦਾਨ ਕਰ ਦਿਤਾ, ਲੇਕਿਨ ਅੰਗ੍ਰੇਜਾਂ ਦੀ ਗੁਲਾਮ ਬਣਾ ਦੇਣ ਵਾਲੀ ਈਨ ਨਹੀਂ ਮੰਨੀ।
ਇਨਾਂ ਵਿਦਵਾਨਾਂ ਵਰਗੇ ਕਈ ਦੰਭੀ ਅਤੇ ਹਰ ਗਲ ਨੂੰ ਨਫੇ ਨੁਕਸਾਨ ਨਾਲ ਤੋਲਣ ਵਾਲੇ ਲੋਗ ਉਸ ਵੇਲੇ ਵੀ ਸਨ, ਜਿਨ੍ਹਾਂ ਨੇ ਇਹ ਕੂੜ ਪ੍ਰਚਾਰ ਕੀਤਾ ਕਿ ਮਹਾਰਾਜਾ ਰਿਪੁਦਮਨ ਸਿੰਘ ਦਾ ਰਾਜ ਭਾਗ ਅਪਣੀ ਮੂਰਖਤਾ ਨਾਲ ਖੁਸ ਜਾਣ ਤੋਂ ਬਾਅਦ ਉਹ ਇਨਾਂ Frustrated ਹੋ ਗਇਆ ਕਿ ਉਸ ਦੀ ਇਸੇ ਗਮ ਨਾਲ ਮੌਤ ਹੋ ਗਈ।
ਮਹਾਰਾਜਾ ਨੂੰ ਅਪਣੇ ਰਾਜ ਭਾਗ ਦੇ ਖੁਸਣ ਦਾ ਜਰਾ ਵੀ ਅਫਸੋਸ ਨਹੀਂ ਸੀ, ਬਲਕਿ ਉਸ ਨੇ ਰਾਜ ਭਾਗ ਖੁਸਣ ਤੋਂ ਬਾਅਦ ਹਜੂਰ ਸਾਹਿਬ ਅਤੇ ਕਈ ਇਤਿਹਾਸਕ ਗੁਰਧਾਮਾਂ ਦੀ ਯਾਤਰਾ ਕੀਤੀ ਅਤੇ ਖੰਡੇ ਦੀ ਪਾਹੁਲ ਲੈ ਕੇ ਗੁਰੂ ਦਾ ਸਿੰਘ ਸਜਿਆ। ਗੁਰਮਤਿ ਦੇ ਧਾਰਣੀ ਹੋਣ ਦੇ ਨਾਲ ਹੀ ਨਾਲ ਉਹ ਇਕ ਉੱਚ ਕੋਟੀ ਦਾ ਵਿਦਵਾਨ ਅਤੇ ਪੰਥ ਦਰਦੀ ਵੀ ਸੀ।
ਸਿੱਖ ਮੇਰਿਜ ਐਕਟ, ਮਹਾਰਾਜਾ ਰਿਪੁਦਮਨ ਸਿੰਘ ਜੀ ਦੀ ਹੀ ਦੇਣ ਸੀ ਜਿਸਨੂੰ ਸਾਡੇ ਅਵੇਸਲੇ ਪਣ ਨੇ ਗਵਾ ਛਡਿਆ ਅਤੇ ਸੰਭਾਲ ਨਾਂ ਸਕੇ। ਜੇ ਉਹ ਵਿਦਵਾਨ ਅਤੇ ਪਥ ਦਰਦੀ ਨਾਂ ਹੁੰਦਾ ਤਾਂ ਉਸ ਨੂੰ ਸਿੱਖਾਂ ਲਈ ਆਨੰਦ ਮੇਰਿਜ ਐਕਟ ਬਨਾਉਣ ਦੀ ਕੀ ਲੋੜ ਸੀ? ਰਾਜਾ ਰਿਪੁਦਮਨ ਸਿੰਘ ਦੀਆਂ ਸਿਫਤਾਂ ਤਾਂ ਹਲੇ ਬਹੁਤ ਹਨ, ਜੇ ਉਹ ਹੀ ਲਿਖਦੇ ਰਹੇ ਤਾਂ ਇਹ ਲੇਖ ਬਹੁਤ ਲੰਬਾ ਹੋ ਜਾਵੇਗਾ, ਕਦੀ ਮੌਕਾ ਮਿਲਿਆ ਤਾਂ ਇਨਾਂ "ਸੌਦਾ ਵਿਦਵਾਨਾਂ" ਨੂੰ ਉਨਾਂ ਦੀਆਂ ਕੁਝ ਹੋਰ ਸਿਫਤਾ ਸੁਣਾਵਾਂਗੇ।
ਮੇਰੇ ਵੀਰੋ, ਅੰਗਰੇਜਾਂ ਦੀ ਈਨ ਮੰਨਣ ਤੋਂ ਬਾਅਦ, ਅਪਣੀ ਜਮੀਰ ਨੂੰ ਗਿਰਵੀ ਰੱਖ ਕੇ ਮਹਾਰਾਜੇ ਨੇ ਕਿਨਾਂ ਕੁ ਚਿੱਰ ਹੋਰ ਨਾਭੇ ਤੇ ਰਾਜ ਕਰ ਲੈਣਾ ਸੀ। ਹੋ ਸਕਦਾ ਹੈ ਮਹਾਰਾਜਾ ਹੋਰ ਦਸ ਵਰ੍ਹੇ ਨਾਭੇ ਤੇ ਰਾਜ ਕਰ ਲੈੰਦਾ। ਲੇਕਿਨ ਅਪਣੀ ਅਣਖ ਅਤੇ ਜਮੀਰ ਨੂੰ ਉੱਚਾ ਰੱਖ ਕੇ, ਗੁਰੂਆਂ ਦੇ ਸਤਕਾਰ ਨੂੰ ਬਰਕਰਾਰ ਰਖਦਿਆਂ ਭਾਵੇ ਉਸਦਾ ਰਾਜ ਭਾਗ ਖੁਸ ਗਇਆ, ਲੇਕਿਨ ਇਤਿਹਾਸ ਵਿੱਚ ਅੱਜ ਵੀ ਉਸ ਦਾ ਨਾਮ ਸਤਕਾਰ ਨਾਲ ਗੁਰੂ ਦਾ ਇਕ ਸੱਚਾ ਸਿੱਖ ਹੋਣ ਕਰਕੇ ਲਿਆ ਜਾਂਦਾ ਹੈ ਅਤੇ ਲਿਆ ਜਾਂਦਾ ਰਹੇਗਾ।
ਭਾਈ ਅਜਮੇਰ ਸਿੰਘ ਜੀ ਦੀ ਲਿਖੀ ਪੁਸਤਕ "ਕਿਸ ਬਿਧ ਰੁਲੀ ਪਾਤਸ਼ਾਹੀ" ਨੂੰ ਪੜ੍ਹਦਾ ਪੜ੍ਹਦਾ ਇਕ ਥਾਂ ਤੇ ਰੁਕ ਗਇਆ, ਜਿਸ ਵਿੱਚ ਅੰਮ੍ਰਿਤਧਾਰੀ ਸਿੱਖ ਰਾਜਾ ਅਤੇ ਯੋਧਾ ਆਲਾ ਸਿੰਘ ਦਾ ਜਿਕਰ ਸੀ। ਉਸ ਨੇ ਸਿੱਖੀ ਸਿਧਾਂਤਾਂ ਨੂੰ ਤਾਕ ਤੇ ਰੱਖ ਕੇ ਅੰਗ੍ਰੇਜਾਂ ਦੀ ਖੁਸ਼ਾਮਦ ਕਰਕੇ ਅਪਣੇ ਰਾਜ ਨੂੰ ਤਾਂ ਕਾਇਮ ਰਖੀ ਰਖਿਆ, ਲੇਕਿਨ ਉਸ ਦੇ ਨਾਮ ਤੋਂ ਬਹੁਤ ਹੀ ਘੱਟ ਲੋਗ ਵਾਕਿਫ ਹਨ। ਅਜੋਕੇ ਸਮੈਂ ਅੰਦਰ ਵੀ ਸਿੱਖ ਅਖਵਾਉਣ ਵਾਲੇ ਸਿਆਸਤਦਾਨ ਵੀ ਮਹਾਰਾਜਾ ਆਲਾ ਸਿੰਘ ਵਾਲੀ ਸਿਆਸੀ ਖੇਡ, ਖੇਡ ਰਹੇ ਨੇ। ਮਹਾਰਾਜਾ ਹੀਰਾ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਵਰਗੀ ਸਿਆਸਤ ਤਾਂ ਕੋਈ ਵਿਰਲਾ ਗੁਰੂ ਦਾ ਸਿੱਖ ਹੀ ਕਰ ਸਕਦਾ ਹੇ।
ਇਤਿਹਾਸ ਦੀ ਪੈਨੀ ਨਜਰ ਵਿੱਚ ਅੱਜ ਉਹ ਸਿੱਖ ਵੀ ਹਨ ਜੋ ਸੱਚ, ਗੁਰਮਤਿ ਅਤੇ ਸਿਧਾਂਤਾਂ ਦੇ ਧਾਰਣੀ ਹਨ, ਅਤੇ ਉਹ ਸਿੱਖ ਵੀ ਹਨ ਜੋ ਅਪਣੇ ਸਵਾਰਥ ਅਤੇ ਚੰਦ ਦੌਲਤ ਦੀ ਖਾਤਿਰ ਬੁਰਛਾਗਰਦਾਂ ਦੀ ਬਣਾਈ "ਕਾਲਕੋਠਰੀ" ਵਿੱਚ ਜਾ ਕੇ ਉਨਾਂ ਦੀ ਖੁਸ਼ਾਮਦ ਕਰਦੇ ਹਨ ਅਤੇ ਸੁਧਾਰ ਲਹਿਰ ਨੂੰ ਢਾਅ ਲਾ ਕੇ, ਸਿੱਖੀ ਵਿੱਚ "ਧਰਮ ਮਾਫਿਏ" ਦੀ ਥਾਂ ਪੱਕੀ ਕਰ ਰਹੇ ਹਨ। ਜੇ ਕੌਮ ਦੇ ਇਹੀ ਹਾਲਾਤ ਰਹੇ, ਤਾਂ ਸਿੱਖੀ ਦੇ ਪਤਨ ਦਾ ਇਤਿਹਾਸ ਵੀ ਲਿਖਿਆ ਜਾਵੇਗਾ। ਉਸ ਵੇਲੇ ਇਤਿਹਾਸ ਇਹੋ ਜਹੇ ਸਿੱਖਾਂ ਨੂੰ ਕਦੀ ਵੀ ਮਾਫ ਨਹੀਂ ਕਰੇਗਾ ਜੋ "ਧਰਮ ਮਾਫੀਏ" ਦੇ ਬਣਾਏ ਇਸ "ਸਕਤੱਰੇਤ" ਵਿੱਚ ਜਾ ਕੇ "ਬੁਰਛਾਗਰਦਾਂ" ਨੂੰ "ਸਿੰਘ ਸਾਹਿਬਾਨ" ਦੀ ਪਦਵੀ ਨਾਲ ਸਤਕਾਰ ਰਹੇ ਹਨ।