29 July 2015


-: ਇੰਦਰਜੀਤ ਸਿੰਘ ਕਾਨਪੁਰ

ਕਈ ਵਾਰ ਪੜ੍ਹਨ ਅਤੇ ਸੁਨਣ ਨੂੰ ਮਿਲਦਾ ਹੈ, ਕਿ ਫਲਾਂ ਸ਼ਬਦ "ਗੁਰੂ ਮੰਤ੍ਰ" ਹੈ ਤੇ ਫਲਾਂ ਬਾਣੀ "ਮੂਲ ਮੰਤ੍ਰ " ਹੈ। "ਮੂਲ ਮੰਤ੍ਰ" ਇਥੋਂ ਤਕ ਹੈ, ਜਾਂ "ਮੂਲ ਮੰਤ੍ਰ" ਇਥੋਂ ਤਕ ਹੈ। ਸਾਡੀ ਨਵੀਂ ਪਨੀਰੀ ਜੋ ਗੁਰਮਤਿ ਨੂੰ ਜਾਨਣ ਲਈ ਬਹੁਤ ਹੀ ਜਿਗਿਆਸੂ ਹੈ। ਗੁਰਮਤਿ ਦੀਆਂ ਗੂੜ ਗੱਲਾਂ ਤੋਂ ਦੂਰ ਰਖਣ ਲਈ ਇਹੋ ਜਹੀਆਂ ਛੋਟੀਆਂ ਛੋਟੀਆਂ ਗੱਲਾਂ ਵਿਚ ਉਨ੍ਹਾਂ ਨੂੰ ਇਤਨਾਂ ਉਲਝਾ ਕੇ ਰਖ ਦਿੱਤਾ ਜਾਂਦਾ ਹੈ, ਕਿ ਉਹ ਗੁਰਮਤਿ ਨੂੰ ਡੂੰਗੇ ਤੌਰ 'ਤੇ ਸਮਝ ਵਿਚ ਅਸਮਰਥ ਹੋ ਜਾਂਦੇ ਹਨ।

ਦਾਸ ਦੀ ਜਾਣਕਾਰੀ ਵਿੱਚ ਇਹੋ ਜਿਹੇ ਬਹੁਤ ਸਾਰੇ ਬੱਚੇ ਹਨ, ਜੋ ਗੁਰਮਤਿ ਦੇ ਨਾਂ 'ਤੇ ਫਜੂਲ ਦੀਆਂ ਬਹਿਸਾਂ ਕਰਦੇ ਵੇਖੇ ਜਾਂਦੇ ਹਨ। ਮੇਰੇ ਹੀ ਸ਼ਹਿਰ ਵਿਚ 20 -22 ਵਰ੍ਹੇ ਦਾ ਇਕ ਸਿੱਖ ਨੌਜੁਆਨ ਹੈ, ਜੋ ਨਵਾਂ ਨਵਾਂ ਅੰਮ੍ਰਿਤ ਛਕ ਕੇ ਆਇਆ, ਤਾਂ ਉਹ ਅਪਣੇ ਆਪ ਨੂੰ "ਗੁਰਮਤਿ ਮਾਰਤੰਡ" ਸਮਝਣ ਲਗ ਪਿਆ। ਉਸ ਬੱਚੇ ਨੂੰ ਮੈਂ ਅਕਸਰ ਅਪਣੇ ਸਾਥੀਆਂ ਨਾਲ ਸਰਬਲੋਹ ਦੇ ਕੜੇ ਅਤੇ ਭਾਂਡਿਆਂ ਬਾਰੇ, ਛੇਦਕ ਗਹਿਣਿਆਂ ਬਾਰੇ, ਕੇਸਕੀ, ਇਸਤਰੀਆਂ ਦੇ ਚੂੜਾਂ ਪਾਉਣ ਬਾਰੇ, ੳਨ੍ਹਾਂ ਦੀ ਪੋਸ਼ਾਕ ਬਾਰੇ, ਕਿਰਪਾਨ ਦੇ ਗਾਤਰੇ ਬਾਰੇ, ਮਾਸ ਖਾਣ ਅਤੇ ਨਾ ਖਾਣ ਬਾਰੇ ਆਦਿਕ ਛੋਟਿਆਂ ਛੋਟਿਆਂ ਵਿਸ਼ਿਆਂ 'ਤੇ ਬਹਿਸਾਂ ਕਰਦਿਆਂ ਅਕਸਰ ਸੁਣਦਾ ਰਹਿੰਦਾ ਸੀ। ਉਹ ਵੀਰ ਅਕਸਰ ਮੇਰੇ ਨਾਲ ਵੀ ਕਈ ਵਾਰ, ਇਨ੍ਹਾਂ ਵਿਸ਼ਿਆਂ 'ਤੇ ਹੀ ਸਵਾਲ ਜਵਾਬ ਕਰਦਾ ਸੀ। ਇਕ ਦਿਨ ਉਹ ਆਪਣੇ ਇਕ ਨੌਜੁਆਨ ਸਾਥੀ ਨੂੰ ਲੈਕੇ ਮੇਰੇ ਆਫਿਸ, ਮਿਲਨ ਲਈ ਆਇਆ। ੳਨ੍ਹਾਂ ਦਾ ਮਕਸਦ ਹਮੇਸ਼ਾਂ ਇਹੋ ਜਿਹੇ ਫਜੂਲ ਦੇ ਸਵਾਲ ਜਵਾਬ ਕਰਨਾ ਹੀ ਹੁੰਦਾ ਸੀ। ਮੈਂ ੳਨ੍ਹਾਂ ਨੂੰ ਜੀ ਆਇਆਂ ਕਹਿਣ ਤੋਂ ਬਾਅਦ ੳਨ੍ਹਾਂ ਦੇ ਆਉਣ ਦਾ ਮਕਸਦ ਜਾਨਣਾ ਚਾਹਿਆ।
ਉਹ ਦੋਵੇਂ ਸ਼ਾਇਦ ਕਿਸੇ ਸਵਾਲ ਤੇ ਘਰੋਂ ਹੀ ਸਲਾਹ ਕਰਕੇ ਆਏ ਸੀ, ਕਿਉਂਕਿ ਉਹ ਦੋਵੇਂ ਇਕੱਠੇ ਹੀ ਬੋਲ ਪਏ, "ਵੀਰ ਜੀ ਤੁਸੀਂ ਜੋ ਕ੍ਰਿਪਾਨ ਪਾਈ ਹੈ ਉਹ ਇਕ "ਕਕਾਰ" ਨਹੀਂ ਹੈ? (ਪਾਠਕਾਂ ਨੂੰ ਦਾਸ ਇਥੇ ਦਸ ਦੇਣਾ ਚਾਹੁੰਦਾ ਹੈ ਕਿ ਦਾਸ ਜੋ ਕ੍ਰਿਪਾਨ ਧਾਰਣ ਕਰਦਾ ਹੈ, ਉਹ ਪੈਂਟ ਦੀ ਬੈਲਟ ਵਿੱਚ ਪਾਉਂਦਾ ਹੈ, ਗਾਤਰੇ ਨਾਲ ਨਹੀਂ ਪਾਉਂਦਾ।) ਦਾਸ ਨੇ ਮੁਸਕੁਰਾਉਂਦੇ ਹੋਏ ੳਨ੍ਹਾਂ ਨੂੰ ਪੁਛਿਆ ਕਿ, "ਜੇ ਵੀਰ ਇਹ ਕਕਾਰ ਨਹੀਂ, ਤਾਂ ਫਿਰ ਇਹ ਕੀ ਹੈ? ਉਹ ਫੌਰਨ ਬੋਲੇ ਕਿ, "ਕੀ ਤੁਸੀਂ ਸਿੱਖ ਰਹਿਤ ਮਰਿਯਾਦਾ ਨਹੀਂ ਪੜ੍ਹੀ?" ਮੈ ਹਸਦੇ ਹੋਏ ਕਹਿਆ ਵੀਰੋ ! ਮੈਂ ਸਿੱਖ ਰਹਿਤ ਮਰਿਯਾਦਾ ਪੜ੍ਹੀ ਹੈ, ਤੇ ਉਸ ਦੇ "ਅੰਮ੍ਰਿਤ ਸੰਸਕਾਰ" ਦੇ ਨਿਯਮ (ਸ) ਵਿੱਚ ਲਿਖਿਆ ਹੋਇਆ ਹੈ ਕਿ ".. ਕਿਰਪਾਨ ਗਾਤਰੇ ਵਾਲੀ।"
ਲੇਕਿਨ ਵੀਰੋ ਇਕ ਗਲ ਦਾ ਜਵਾਬ ਤੁਸੀਂ ਮੈਨੂੰ ਦਿਉ ਕਿ, ਵੱਡੀ ਕਿ੍ਪਾਨ ਜੋ ਅਕਾਲ ਤਖਤ ਦਾ ਅਖੌਤੀ ਜੱਥੇਦਾਰ ਵੀ ਫੜੀ ਫਿਰਦਾ ਹੈ, ਅਤੇ ਹੋਰ ਸਿੱਖ ਵੀ ਉਸ ਨੂੰ ਧਾਰਣ ਕਰਦੇ ਹਨ, ਉਨ੍ਹਾਂ ਕ੍ਰਿਪਾਨਾਂ ਨਾਲ ਤਾਂ ਗਾਤਰਾ ਹੁੰਦਾ ਨਹੀਂ? ਕੀ ਉਹ ਕ੍ਰਿਪਾਨ "ਕਕਾਰ" ਨਹੀਂ? ਉਹ ਦੋਵੇਂ ਫੌਰਨ ਬੋਲੇ "ਨਹੀਂ ਵੀਰ ਜੀ, ਜਿਸ ਕਿ੍ਪਾਨ ਵਿੱਚ ਗਾਤਰਾ ਨਹੀਂ, ਉਹ ਕ੍ਰਿਪਾਨ "ਕਕਾਰ" ਨਹੀਂ, ਸਿੱਖ ਰਹਿਤ ਮਰਿਯਾਦਾ ਵਿਚ ਲਿਖਿਆ ਹੋਇਆ ਹੈ। ਮੈਂ ਬਹੁਤ ਹੈਰਾਨ ਹੋ ਕੇ, ੳਨ੍ਹਾਂ ਨੂੰ ਨਰਾਜ਼ਗੀ ਭਰੇ ਲਹਿਜੇ ਵਿੱਚ ਕਿਹਾ, "ਬਸ ਹੁਣ ਇਹ ਗਲ ਕਿਸੇ ਹੋਰ ਅੱਗੇ ਨਾ ਕਹਿਆ ਜੇ! ਤੁਹਾਨੂੰ ਸਮਝ ਹੋਣੀ ਚਾਹੀਦੀ ਹੈ, ਕਿ ਜੋ ਪੰਥ ਦੋਖੀ ਤਾਕਤਾਂ ਚਾਹੁੰਦੀਆਂ ਹਨ, ਉਹੀ ਤੁਹਾਡੇ ਮੂਹੋਂ ਨਿਕਲ ਰਿਹਾ ਹੈ, ਕਿ ਗਾਤਰੇ ਵਾਲੀ ਛੋਟੀ ਕਿਰਪਾਨ ਹੀ ਤੁਹਾਡਾ "ਕਕਾਰ" ਹੈ ਤੇ ਵੱਡੀ ਕ੍ਰਿਪਾਨ ਕਕਾਰ ਨਹੀਂ! ਇਹ ਹੀ ਤਾਂ ਪੰਥ ਦੋਖੀ ਚਾਹੁੰਦੇ ਹਨ। ਮੈਨੂੰ ਬੜੀ ਤਸੱਲੀ ਹੈ ਕਿ ਤੁਸੀਂ ਸਿੱਖ ਰਹਿਤ ਮਰਿਯਾਦਾ ਪੜ੍ਹ ਕੇ ਮੇਰੇ ਕੋਲ ਆਏ ਹੋ, ਲੇਕਿਨ ਸ਼ਾਇਦ ਤੁਸੀਂ "ਅੰਮ੍ਰਿਤ ਸੰਸਕਾਰ" ਵਾਲੇ ਸਿਰਲੇਖ ਦੇ ਅਖੀਰ ਵਿੱਚ ਇਹ ਨਹੀਂ ਪੜ੍ਹਿਆ ਕਿ * ਕ੍ਰਿਪਾਨ ਦੀ ਲੰਬਾਈ ਦੀ ਕੋਈ ਹੱਦ ਨਹੀਂ ਹੋ ਸਕਦੀ"।
ਵੀਰੋ ਸ਼ਸ਼ਤਰ ਨੂੰ ਅੰਗੀਕਾਰ ਕਰਨ ਦਾ ਸਿੱਖੀ ਵਿਚ ਮਹਾਤਮ ਹੈ, ਨਾ ਕਿ ਉਸਨੂੰ ਧਾਰਣ ਕਰਨ ਦੇ ਤੌਰ ਤਰੀਕੇ ਦਾ। ਦਾਸ ਦੀ ਇਹ ਗਲ ਸੁਣ ਕੇ ਉਹ ਬਹੁਤ ਸ਼ਰਮਿੰਦੇ ਹੋਏ। ਫਿਰ ਉਹ ਹੌਲੀ ਜਹੀ ਅਵਾਜ ਵਿਚ ਕਹਿਣ ਲੱਗੇ, ਕਿ ਸਿੱਖ ਰਹਿਤ ਮਰਿਯਾਦਾ ਵਿਚ.....ਤਾਂ ....ਲਿਖਿਆ ... ? ਦਾਸ ਨੇ ੳਨ੍ਹਾਂ ਨੂੰ ਸਮਝਾਇਆ ਕਿ ਸਿੱਖ ਰਹਿਤ ਮਰਿਯਾਦਾ ਵਿਚ ਬਹੁਤ ਕੁਝ ਸੋਧਣ ਅਤੇ ਬਦਲਣ ਵਾਲਾ ਹੈ, ਜਿਸ ਵਲ ਅਸੀਂ ਕਦੀ ਜੋਰ ਨਹੀਂ ਲਾਇਆ, ਕਿਉਂਕਿ ਸਾਡਾ ਸਾਰਾ ਜ਼ੋਰ ਤਾਂ ਇਕ ਦੂਜੇ ਨਾਲ ਇਹੋ ਜਿਹੀਆਂ ਫਜੂਲ ਦੀਆਂ ਬਹਿਸਾਂ ਵਿਚ ਹੀ ਜਾਇਆ ਹੋ ਜਾਂਦਾ ਹੈ।

ਇਹ ਵ੍ਰਤਾਂਤ ਇਥੇ ਇਸ ਲਈ ਸਾਂਝਾ ਕੀਤਾ ਹੈ, ਕਿ ਇਹ ਸਮਝਾਇਆ ਜਾ ਸਕੇ ਕਿ ਸਾਡੀ ਨਵੀਂ ਪਨੀਰੀ ਨੂੰ ਛੋਟੇ ਛੋਟੇ ਵਿਸ਼ਿਆਂ 'ਤੇ ਬਹਿਸਾਂ ਵਿਚ ਉਲਝਾਇਆ ਜਾ ਰਿਹਾ ਹੈ, ਜਿਸ ਵਿਚ ਮਾਸ ਖਾਣ ਦਾ ਵੀ ਇਕ ਮਸ਼ਹੂਰ ਮੁੱਦਾ ਹੈ। ਇਸ ਵਿਸ਼ੇ 'ਤੇ ਮੈਂ ਅਕਸਰ ਲੋਕਾਂ ਨੂੰ ਲੜਦਿਆਂ ਵੇਖਿਆ ਹੈ। ਇਸ ਵਿਸ਼ੇ ਉੱਤੇ ਤਾਂ ਅਖੰਡ ਕੀਰਤਨੀ ਜੱਥੇ ਵਾਲੇ ਮਰਨ ਮਾਰਨ 'ਤੇ ਉਤਾਰੂ ਹੋ ਜਾਂਦੇ ਹਨ। ਸਾਡਾ ਵਿਸ਼ਾ ਇਥੇ "ਮੂਲ ਮੰਤਰ", ਅਤੇ "ਗੁਰੂ ਮੰਤ੍ਰ" ਬਾਰੇ ਵਿਚਾਰ ਕਰਨਾ ਹੈ, ਆਉ ਉਸ ਵਲ ਤੁਰਦੇ ਹਾਂ।

ਮੂਲ ਦਾ ਅਰਥ ਹੈ ਜੜ, ਕਰਤਾਰ, ਰੱਬ ਜੋ ਇਸ ਸੰਸਾਰ ਦਾ ਮੂਲ (Origin) ਹੈ। ਮੰਤ੍ਰ ਦਾ ਅਰਥ ਹੈ ਗੁਪਤ ਗੱਲ (ਭੇਦ), .....ਵਿਚਾਰ, ਸਲਾਹ, ਮਸ਼ਵਰਾ, ਗੁਰੂ ਦਾ ਉਪਦੇਸ਼। ਅਰਥਾਤ ਗੁਰੂ ਦਾ ਉਹ ਉਪਦੇਸ਼ ਜੋ ਉਸ ਮੂਲ (ਕਰਤਾਰ) ਦੇ ਭੇਦ ਬਾਰੇ ਇਕ ਵਿਚਾਰ ਕਰਦਾ ਹੈ। ਦੂਜੇ ਸ਼ਬਦਾਂ ਵਿਚ "ਮੂਲ ਮੰਤ੍ਰ", ਗੁਰੂ ਦਾ ਦਿਤਾ ਉਹ ਉਪਦੇਸ਼ ਹੈ, ਜੋ ਨਿਰੰਕਾਰ ਕਰਤੇ ਦੇ ਭੇਦ (ਗੁਪਤ ਬਾਤ) ਬਾਰੇ ਅਪਣੇ ਸਿੱਖਾਂ ਨੂੰ ਵਿਚਾਰ ਪ੍ਰਦਾਨ ਕਰਦਾ ਹੈ।

ਇਸ ਅਰਥ ਮੁਤਾਬਿਕ ਤਾਂ ਸੰਪੂਰਨ ਗੁਰੂ ਬਾਣੀ ਹੀ "ਮੂਲ ਮੰਤ੍ਰ" ਹੈ। ਜੋ ਮੂਲ ਮੰਤ੍ਰ ਹੈ ਉਹੀ "ਗੁਰੂ ਮੰਤ੍ਰ" ਵੀ ਹੈ। ਫਿਰ ਇਹ ਬਹਿਸ ਕਿਸ ਲਈ, ਕਿ ਮੂਲ ਮੰਤਰ ਕਿਥੋਂ ਤਕ ਹੈ?

ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥ ਕੇਵਲ ਨਾਮੁ ਰਿਦ ਮਾਹਿ ਸਮਾਇਆ ॥੪॥੪੨॥੧੧੧॥ ਅੰਕ 188
ਗੁਰੂ ਨਾਨਕ ਕਹਿੰਦੇ ਹਨ ਕੇ ਗੁਰੂ ਦੇ ਉਪਦੇਸ਼ ਨੂੰ (ਅਪਣੇ ਹਿਰਦੇ ਵਿੱਚ) ਦ੍ਰਿੜ ਕੀਤਾ। (ਤਾਂ) ਇਕ (ਕਰਤਾਰ) ਦਾ ਨਾਮ ਮੇਰੇ ਮਨ ਵਿਚ ਵਸ ਗਇਆ।

ਜਾ ਕਉ ਗੁਰੁ ਹਰਿ ਮੰਤ੍ਰੁ ਦੇ ॥ ਸੋ ਉਬਰਿਆ ਮਾਇਆ ਅਗਨਿ ਤੇ ॥੩॥ ਅੰਕ 211
ਜਿਨ੍ਹਾਂ ਨੂੰ ਗੁਰੂ, ਹਰਿ (ਕਰਤਾਰ) ਦਾ ਭੇਦ ਦੇ ਦਿੰਦਾ ਹੈ। ਉਹ ਮਾਇਆ ਰੂਪੀ ਅਗਨਿ ਤੋਂ ਮੁਕਤ ਹੋ ਜਾਂਦਾ ਹੈ।

ਕਹੁ ਨਾਨਕ ਗੁਰ ਮੰਤ੍ਰੁ ਚਿਤਾਰਿ ॥ ਸੁਖੁ ਪਾਵਹਿ ਸਾਚੈ ਦਰਬਾਰਿ ॥੪॥੩੨॥੧੦੧॥ ਅੰਕ 186

ਗੁਰੂ ਨਾਨਕ ਕਹਿੰਦੇ ਹਨ ਕਿ ਗੁਰੂ ਦੇ ਦਿਤੇ "ਉਪਦੇਸ਼" ਦਾ ਚਿੰਤਨ ਅਪਣੇ ਮਨ ਵਿਚ ਕਰ। ਉਸ ਕਰਤਾਰ ਦੇ ਸੱਚੇ ਦਰਬਾਰ (ਇਸ ਮਨ) ਵਿੱਚ ਤੈਨੂੰ ਸੁਖ ਪ੍ਰਾਪਤ ਹੋਵੇਗਾ।

ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥ ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥ ਅੰਕ 518

ਜਿਸ ਤੇ ਉਹ ਮਿਹਰਵਾਨ ਖੁਸ਼ ਹੋ ਜਾਵੇ, ਉਹ ਗੁਰੂ ਦਾ ਉਪਦੇਸ਼ ਕਮਾ ਲੈਂਦਾ ਹੈ, ਭਾਵ: ਗੁਰੂ ਦੇ ਉਪਦੇਸ਼ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ। (ਹੇ) ਮੇਹਰ ਦੇ ਦਾਤੇ ਜਿਸਤੇ ਤੂੰ ਖੁਸ਼ ਹੋ ਜਾਵੇ ਤਾਂ ਨਾਨਕ ਕਹਿੰਦੇ ਹਨ ਕਿ ਉਹ ਸੱਚ ਵਿੱਚ ਲੀਨ ਹੋ ਜਾਂਦਾ ਹੈ।

ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ ॥ ਸੀਤਲ ਪੁਰਖ ਦ੍ਰਿਸਟਿ ਸੁਜਾਣੀ ॥੨॥ਅੰਕ 562

ਮੇਰੇ ਵੀਰੋ ! ਗੁਰਬਾਣੀ ਦੇ ਇਹ ਸਾਰੇ ਪ੍ਰਮਾਣ ਇਹ ਦਰਸਾਂਉਦੇ ਹਨ ਕਿ "ਸ਼ਬਦ ਗੁਰੂ" ਦੀ ਸੰਪੂਰਨ ਬਾਣੀ ਹੀ ਸਾਡੇ ਲਈ "ਮੂਲ ਮੰਤ੍ਰ" ਅਤੇ "ਗੁਰੂ ਮੰਤ੍ਰ" ਹੈ। ਸ਼ਬਦ ਗੁਰੂ ਦਾ ਕੋਈ ਵਿਸ਼ੇਸ਼ ਸ਼ਬਦ ਜਾਂ ਬਾਣੀ ਹੀ "ਗੁਰੂ ਮੰਤ੍ਰ " ਜਾਂ "ਮੂਲ ਮੰਤ੍ਰ" ਨਹੀਂ ਹੈ, ਬਲਕਿ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਇਕ ਪੰਗਤੀ "ਗਰੂ ਮੰਤ੍ਰ" ਹੈ