12 August 2015




ਸਿੱਖੀ ਵਿੱਚ ਵੱਧ ਰਹੇ ਅੰਧਵਿਸ਼ਵਾਸ਼ ਦਾ ਇਕੋ ਇਕ ਕਾਰਣ ਹੈ ਕਿ ਸਿੱਖ ਦਿਨ ਬ ਦਿਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਹੂੰਦਾ ਜਾ ਰਿਹਾ ਹੈ  ਅਤੇ ਗੁਰਮਤਿ ਸਿਧਾਂਤਾਂ ਤੋਂ ਵਾਕਿਫ ਨਹੀ ਹੈ । ਬਹੁਤ ਦੁਖ ਹੂੰਦਾ ਹੈ ਜਦੋਂ ਕੌਮ ਦੇ ਮਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ  ਨੂੰ "ਅੰਧ ਵਿਸ਼ਵਾਸ਼" ਦਾ ਸਭ ਤੋਂ ਵੱਡਾ ਕੇੰਦਰ ਬਣਿਆਂ ਹੋਇਆਂ ਵੇਖੀ ਦਾ ਹੈਸਾਡੇ ਕੇਸਾਧਾਰੀ ਬ੍ਰਾਹਮਣ ਆਗੂ ਸਿੱਖੀ ਸਿਧਾਂਤਾਂ ਦਾ  ਇਹ ਮਖੌਲ ਅਪਣੇ ਅੱਖੀ ਵੇਖ ਕੇ ਵੀ ਖਾਮੋਸ਼ ਨੇ । ਉਨਾਂ ਨੂੰ ਕੀ ਲੈਨਾਂ ਦੇਣਾਂ ਹੈ ਕਿ ਸਿੱਖੀ ਰਹੇਭਾਵੇ ਨਾਂ ਰਹੇ ਉਨਾਂ ਦੀ ਦੁਕਾਨ ਤੇ ਜੋਰ ਸ਼ੋਰ ਨਾਲ ਚਲ ਹੀ ਰਹੀ ਹੈ ।



ਮੇਰੇ ਸੋਹਰੇ , ਖਾਸ ਅੰਮ੍ਰਿਤਸਰ ਸ਼ਹਿਰ ਵਿਚ ਤਰਨ ਤਾਰਨ ਰੋਡ ਤੇ ਹੀ ਰਹਿੰਦੇ ਹਨ । ਦੋ ਚਾਰ ਸਾਲ ਬਾਦ ਹੀ ਕਿਸੇ ਖੁਸ਼ੀ ਗਮੀ ਵਿੱਚ ਉਥੇ ਆਨਾ ਜਾਂਣਾਂ ਹੂੰਦਾ ਹੈ। ਕੁਝ ਵਰ੍ਹੇ  ਪਹਿਲਾਂ ਮੈਂਪੰਥ ਦੇ ਮਹਾਨ ਸ਼ਹੀਦਾ ਅਤੇ ਯੋਧੇ ਦੀ ਯਾਦਗਾਰ ਵਿੱਚ ਬਣੇ ਉਸ ਇਤਿਹਾਸਕ  ਗੁਰਦੁਆਰੇ ਦਰਸ਼ਨਾਂ ਲਈ ਗਇਆ । ਮੇਰੇ ਨਾਲ ਮੇਰੀ ਸਲਿਹਾਰ ਅਤੇ ਸਾਲਾ ਸਾਹਿਬ ਸਨ । ਗੁਰਦੁਆਰੇ ਪੁਜ ਕੇ ਉਹ ਕਿਸੇ ਦੂਜੇ ਗੇਟ ਵਿਚੋਂ ਅੰਦਰ ਵੜ ਗਏ ਤੇ ਮੈਂ ਕਿਸੇ ਦੂਜੀ ਡਿਉੜੀ ਤੋਂ ਅੰਦਰ ਵੜਿਆ । ਇਸ  ਕਰਕੇ ਉਨਾਂ ਤੋਂ ਮੈਂ ਵੱਖ ਹੋ ਗਇਆ ਸੀ।


ਬਾਬਾ ਦੀਪ ਸਿੰਘ ਸ਼ਹੀਦ ਦੇ ਉਸ ਇਤਿਹਾਸਕ ਗੁਰਦੁਆਰੇ ਵਿੱਚ ਜੋ ਕੁਝ ਹੋ ਰਿਹਾ ਸੀ , ਵੇਖ ਕੇ ਮੇਰੀਆਂ ਅੱਖਾਂ ਭਿੱਜ ਗਈਆਂ  ਮੈ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕ ਕੇ ਬਾਬਾ ਦੀਪ ਸਿੰਘ ਹੋਰਾਂ ਦੀ ਮਹਾਨ ਸ਼ਖਸ਼ੀਯਤ ਅਤੇ ਉਨਾਂ ਦਾ ਉਚਾ ਸੁੱਚਾ ਕਿਰਦਾਰ ਯਾਦ ਕਰਦਿਆਂ , ਦਲਹੀਜ ਕੋਲ ਹੀ  ਬੈਠ ਗਿਆ, ਅਤੇ ਪਤਾ ਨਹੀ ਕਿੱਨੀ ਦੇਰ ਸੋਚੀ ਹੀ ਪਿਆ  ਰਿਹਾ ।



ਉਸ ਪੰਥ ਦੇ ਅਮਰ ਸ਼ਹੀਦ ਬਾਰੇ ਮੈਂ ਜੋ ਇਤਿਹਾਸ ਪੜ੍ਹਿਆਂ ਸੀ ।  ਉਸਨੂੰ ਯਾਦ ਕਰਦਾ ਰਿਹਾ ਤੇ ਇਹ ਸੋਚਦਾ ਰਿਹਾ ਕਿ ਇਕ ਤੇਰੇ ਵਰਗਾ ਕੌਮ ਦਾ ਅਮਰ ਸ਼ਹੀਦ ਤੇ ਇਕ ਇਹੋ ਜਹੇ ਸਿੱਖ ਹਨ ਜਿਨਾਂ ਦੇ ਅੰਧ ਵਿਸ਼ਵਾਸ਼ ਅਤੇ ਕਰਮਕਾਂਡਾ ਨਾਲ ਗੁਰੂ ਘਰ  ਨੂੰ ਇਕ ਮੰਦਰ ਬਣਾਂ ਕੇ ਰਖ ਦਿਤਾ ਹੈ । ਜਦੋਂ ਵੀ ਯੋਧਿਆਂ ਦੀ ਚੌਣ ਹੂੰਦੀ, ਆਪ ਸ਼ਹੀਦ ਹੋਣ ਦੇ ਚਾਅ ਵਿਚ , ਗੁਰੂ ਦੇ ਸਾਮ੍ਹਣੇ ਯੋਧਿਆ ਦੀ ਕਤਾਰ ਵਿੱਚਸਭਤੋਂ ਅੱਗੇਜਾਨਬੂਝ ਕੇ  ਖੜੇ ਹੋ ਜਾਂਦੇ ਸੀ, ਇਸ ਲਈ  ਕੇ ਗੁਰੂ ਸਾਹਿਬ ਆਪ ਜੀ ਨੂੰ ਯੁਧ ਵਿੱਚ ਜਾਣ ਦੀ ਸੇਵਾ ਬਖਸ਼ ਦੇਣਗੇ । ਆਪ ਜੀ ਦਾ ਸ਼ਹੀਦ ਹੋਣ ਦਾ ਚਾਅ ਅਤੇ ਜਜਬਾ ਅੰਤਰਜਾਮੀ ਗੁਰੂ ਸਾਹਿਬ ਚੰਗੀ ਤਰ੍ਹਾ ਜਾਂਣਦੇ ਸਨ । ਇਹ ਵੀ ਜਾਂਣਦੇ ਸਨ ਕੇ ਆਪ ਜੀ ਦੀ ਬਹੁਤ ਵਡੀ ਸੇਵਾ ਲਗਣੀ ਹੈ , ਇਸ ਲਈ ਛੋਟੇ ਮੋਟੇ ਯੁਧ ਵਿੱਚ ਗੁਰੂ ਸਾਹਿਬ ਆਪ ਜੀ ਨੂੰ ਨਹੀ ਸਨ ਭੇਜਦੇ । ਜਦੋਂ ਆਪ ਮਾਯੂਸ ਹੋ ਜਾਂਦੇ ਸੀ ਤੇ ਆਪ ਜੀ ਦੀ ਬਾਂਹ ਫੜ ਕੇ ਅਪਣੀ ਗਲਵਕੜੀ ਵਿੱਚ ਲੈ ਕੇ ਕਹਿੰਦੇ ਸੀ  ਕਿ "ਬਾਬਾ ਜੀ ਇਹ ਯੁਧ ਤੇ ਬਹੁਤ ਮਾਮੂਲੀ ਹੈ , ਤੁਹਾਡੀ ਸੇਵਾ ਤੇ ਬਹੁਤ ਵਡੀ ਲਗਣੀ ਹੈ , ਜਿਸਨੂੰ ਇਤਿਹਾਸ ਅਤੇ ਇਹ ਜਮਾਨਾਂ ਜੁਗਾਂ ਜੁਗਾਂ ਤਕ ਯਾਦ ਕਰੇਗਾ । ਇਸ ਸਾਰਾ ਦ੍ਰਿਸ਼ ਮੇਰੇ ਦਿਮਾਗ ਵਿਚ ਚਲ ਰਿਹਾ ਸੀ ਤੇ ਮੇਰੀਆਂ ਅੱਖਾਂ ਪਹਿਲੇ ਨਾਲੋ ਵੀ ਵਧ ਗਿਲੀਆਂ ਹੋ ਚੁਕੀਆਂ ਸੀ। ਮੈਂ ਬਾਬਾ ਦੀਪ ਸਿੰਘ ਹੋਰਾਂ ਨਾਲ ਅਪਣੀ ਕਲਪਨਾਂ ਦੇ ਸੰਸਾਰ ਵਿਚ ਗਿਲੇ ਵੀ ਕਰ ਰਿਹਾ ਸੀ ਕਿਬਾਬਾ ਜੀ ਕੀ  ਉਸ ਵੇਲੇ ਵੀ ਇਹੋ ਜਹੇ ਸਿੱਖ ਹੈ ਸਨ ਜਾਂ ਐਸੇ ਸਿੱਖਾਂ ਦੀ  ਤੁਸੀ  ਕਲਪਨਾਂ ਵੀ ਕਦੀ  ਕੀਤੀ ਸੀ ? ਜੋ ਸਿੱਖੀ ਸਿਧਾਂਤ ਅਤੇ ਗੁਰੂ ਦੀ ਸਿਖਿਆ ਨੂੰ ਭੁਲ ਕੇ ਬ੍ਰਾਹਮਣ ਵਾਦ ਅਤੇ ਕਰਮਕਾਂਡਾਂ ਦੇ ਖਾਰੇ ਸਮੂੰਦਰ ਵਿੱਚ ਆਪ ਛਾਲਾਂ ਮਾਰਨ ਗੇ ?



ਉਥੇ ਹੀ ਡਿਉੜੀ ਕੋਲ  ਬੈਠਾ ਬੈਠਾਂ ਮੈਂ ਹੁਣ ਕੁਝ ਸਹਿਜ ਹੋ ਚੁਕਾ ਸੀ ਅਤੇ ਉਸ ਗੁਰਦੁਆਰੇ ਦਾ ਨਜਾਰਾ ਵੇਖ ਰਿਹਾ ਸੀ ਬਹੁਤ ਸਾਰੇ ਸ਼੍ਰਧਾਲੂ ਅੰਦਰ ਵੜਦੇ , ਪੈਰ ਧੌਂਦੇ ਤੇ "ਧੰਨ ਬਾਬਾ ਦੀਪ ਸਿੰਘ" ਕਹੀੰਦੇ ਜਾ ਰਹੇ ਸੀ । ਮੈ ਕਿਸੇ ਦੇ ਮੂਹੋ "ਧੰਨ ਗੁਰੂ ਗ੍ਰੰਥ ਸਾਹਿਬ ਜੀ" ਕਹਿੰਦੇ ਨਹੀ ਸੁਣਿਆ। ਸ਼ਾਇਦ ਇਥੇ ਲੋਕੀ "ਸ਼ਬਦ ਗੁਰੂ"  ਦੇ ਲੜ ਲਗਣ ਲਈ ਨਹੀ ਬਲਕਿ ਬਾਬਾ ਦੀਪ ਸਿੰਘ ਦੇ ਗੁਰੂਦੁਆਰੇ "ਚਾਲੀਹਾ" ਕਟਣ ਜਾਂ "ਚੌਪਹਿਰਾ" ਕਟ ਕੇ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਆ ਰਹੇ ਸੀ । ਬਹੁਤ ਸਾਰੇ ਲੋਕੀ ਕੰਧ ਨਾਲ ਟੇਕ ਲਾ ਕੇ ਗੁਟਕਿਆਂ ਵਿਚੋਂ ਗੁਰਬਾਣੀ ਦਾ ਪਾਠ ਵੀ ਕਰ ਰਹੇ ਸੀ। ਮੈ ਬਹੁਤ ਖੁਸ਼ ਹੋਇਆ ਕੇ ਚਲੋ ਇਥੇ ਆਂਉਣ ਵਾਲਿਆਂ ਵਿੱਚ ਕੋਈ ਤਾਂ ਗੁਰਬਾਣੀ ਦਾ ਅਭਿਲਾਖੀ ਹੈ । ਲੇਕਿਨ ਛੇਤੀ ਹੀ ਮੇਰੀ ਇਹ ਖੁਸ਼ੀ ਮਾਯੂਸੀ ਵਿੱਚ ਬਦਲ ਗਈ , ਜਦੋ ਨਾਲ ਹੀ ਬੈਠੀ ਇਕ ਬੀਬੀ ,ਜੋ ਪਾਠ ਪੂਰਾ ਕਰਕੇ ਅਪਣਾਂ ਗੁਟਕਾ ਅਪਣੇ ਪਰਸ ਵਿੱਚ ਸਾਂਭ ਰਹੀ  ਸੀ ।  ਉਸ ਨੂੰ ਉਠਦਿਆ ਵੇਖ ਉਸ ਦੀ ਜਾਂਣ ਪਛਾਣ ਦੀ ਇਕ ਹੋਰ ਬੀਬੀ ਉਸ ਕੋਲ ਆਈ ਤੇ ਬੋਲੀ ਕਿ "ਕਿਨੇ ਪਾਠ ਹੋ ਗਏ ਤੇਰੇ ?" ਉਹ ਕਹਿਨ ਲਗੀ "ਪਿਛਲੀ ਵਾਰ ਤੇ ਬਾਬਾ ਜੀ ਨੇ 51 ਪਾਠ ਕਰਨ ਲਈ ਕਿਹਾ ਸੀ ਐਦਕੀ 101 ਕਹੇ ਸੀ ਮੈਂ 60 ਕੁ ਪਾਠ ਪੂਰੇ ਕਰ ਲਏ ਨੇ। ਇਨਾਂ ਦੀਆਂ ਹੋਰ ਇਧਰ ਉਧਰ ਦੀਆਂ ਜੋ ਵੀ ਗੱਲਾਂ ਮੇਰੇ ਕੰਨ ਵਿੱਚ ਪੈ ਰਹਿਆਂ ਸੀ , ਉਨਾਂ ਤੋਂ ਇਹ  ਸਾਫ ਪਤਾ ਲਗ ਚੁਕਾ ਸੀ ਕਿ ਇਹ ਦੋਵੇਂ ਬੀਬੀਆਂ ਮਾਤਾ ਕੌਲਾਂ ਟਕਸਾਲ ਦੇ ਮੁੱਖੀ ਗੁਰ ਇਕਬਾਲ  ਸਿੰਘ ਦੇ ਡੇਰੇ ਜਾਂਦੀਆ ਸਨ, ਜੋ ਅਕਸਰ ਹੀ  ਸੈੰਕੜੇ ਪਾਠਾਂ ਦਾ ਟਾਰਗੇਟ ਅਪਣੇ ਡੇਰੇ ਤੇ ਆਉਣ ਵਾਲਿਆ ਨੂੰ ਦੇਂਦੇ ਰਹਿੰਦੇ ਹਨ । ਇਨਾਂ ਦੇ ਇਹੋ ਜਹੇ ਇਸ਼ਤਿਹਾਰ ਸਾਨੂੰ ਅਪਣੇ ਸ਼ਹਿਰ ਅਤੇ ਇੰਟਰਨੇਟ ਤੇ ਵੀ ਵੇਖਣ ਨੂੰ ਅਕਸਰ ਹੀ ਮਿਲ ਜਾਂਦੇ ਨੇ



ਬਰਫੀ ਦਾ ਪ੍ਰਸਾਦ ਵੰਡਿਆ ਜਾ  ਰਿਹਾ ਸੀ । ਇਹ ਵੇਖ ਕੇ ਮੈਨੂੰ ਸਮਝ ਨਹੀ ਆ ਰਿਹਾ ਸੀ ਕਿ ਕੜਾਂਹ ਪ੍ਰਸਾਦ ਦੀ ਥਾਂ ਬਰਫੀ ਦੇ ਪ੍ਰਸਾਦ ਨੇ ਕਦੋ ਤੋਂ ਲੈ ਲਈ ? ਬਹੁਤ ਸਾਰੇ ਵੀਰ ਅਤੇ ਬੀਬੀਆਂ ਛੋਟੇ ਛੋਟੇ ਪਾਲੀਥੀਨ ਦੇ ਲਿਫਾਫਿਆ ਵਿੱਚ ਘਿਉ ਜਾਂ ਤੇਲ ਲੈ ਲੈ ਕੇ ਉਥੇ ਜਗ ਰਹੀ ਜੋਤ ਵਿੱਚ ਪਾ ਰਹੇ ਸੀ । ਤੇਲ ਘਿਉ ਨਾਲ ਉਹ ਥਾਂ ਭਿੱਜੀ ਹੋਈ ਸੀ ਅਤੇ ਸੰਗਮਰਮਰ ਦਾ ਉਹ ਪੱਥਰ ਥਿੰਦਾ ਹੋ ਹੋ ਕੇ ਕਾਲਾ ਪੈ ਚੁਕਿਆ  ਸੀ, ਜਿੱਥੇ ਉਹ ਖਾਸ ਜੋਤ ਜੱਗ ਰਹੀ ਸੀਇਹ ਤੇਲ/ਘਿਉ ਬਾਹਰ ਦੁਕਾਨਾਂ ਵਿੱਚ ਪੈਕ ਕੀਤਾ ਹੋਇਆ ਵਿੱਕ ਰਿਹਾ ਸੀ । ਗੁਰਦੁਆਰੇ ਵੜਨ ਤੋਂ ਪਹਿਲਾਂ ਮੈਂ ਇਕ ਦੁਕਾਨਦਾਰ ਕੋਲੋ 100 ਰੁਪਏ ਦੀ ਚੇੰਜ ਮੰਗੀ ਤੇ ਉਸ ਨੇ ਉਹ ਨੋਟ ਹਥ ਵਿੱਚ ਫੜਕੇ ਸੁਟ ਦਿਤਾ ਕਿ, “ ਮੈਂ ਦੁਕਾਨ ਦਾਰੀ ਕਰਾਂ ਕਿ ਤੈਨੂੰ ਪਰਚੀਆਂ ਦੇਵਾਂ?”  ਘਿਉ ਦੀਆਂ ਥੈਲੀਆਂ ਉਥੇ ਵੀ ਵਿੱਕ ਰਹੀਆਂ ਸੀ । ਲਗਦਾ ਸੀ ਕਿ ਇਹ ਦੁਕਾਨਦਾਰ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਖਾਸ ਚਹੇਤੇ ਵੀ ਹਨ,ਅਤੇ ਉਨਾਂ ਦਾ ਬੋਜ੍ਹਾ ਵੀ ਇਹ  ਗਰਮ ਕਰਦੇ ਰਹਿੰਦੇ ਹੋਣੇ ਆ । ਕਿਉਕਿ ਇਕ ਕੰਬਲ ਵਾਲਾ ਰੁਮਾਲਾ ਜੋ ਕਾਨਪੁਰ ਵਿੱਚ 260 ਰੁਪਏ ਦਾ ਮੇਰੀ ਸਿਘੰਨੀ ਖਰੀਦ ਕੇ ਲਿਆਈ ਸੀ , ਹੂ ਬ ਹੂ ਉਹ ਕੰਬਲ ਵਾਲਾ ਰੁਮਾਲਾ ਉਸ ਦੁਕਾਨ ਦਾਰ ਨੇ ਇਕ ਬਾਹਰੋਂ ਆਏ ਪਰਿਵਾਰ ਨੂੰ ਬਹੁਤ ਭਾਰਾਂ ਤੋਲਾਂ ਤੇ ਪੈ ਕਿ 450  ਰੁਪਏ ਦਾ ਦਿੱਤਾ ਇਹ ਸਭ ਕੁਝ  ਵੇਖ ਕੇ ਬਹੁਤ ਪਰੇਸ਼ਾਨ ਅਤੇ ਹੈਰਾਨ ਸੀ ਕਿ ਇਨਾਂ ਗੁਰੂ ਸਥਾਨਾਂ ਤੇ ਵੀ ਪਾਂਡਿਆ ਅਤੇ ਪੰਡਤਾਂ ਵਾਲੀ ਲੁਟ ਖਸੋਟ ਚੱਲ ਰਹੀ ਹੈ



ਗੁਰਦੁਆਰੇ ਦੇ ਵੇੜ੍ਹੇ ਵਿੱਚ ਹੀ  ਦੋ ਪਲਾਸਟਿਕ ਦੇ ਵੱਡੇ ਡਰਮ ਰਖੇ ਹੋਏ ਸੀ ਜਿਸ ਵਿੱਚ ਬਹੁਤ ਸਾਰੇ ਲੋਕੀ ਲੂਣ ਦੇ ਪੇਕੇਟ ਰਖ ਰਹੇ ਸੀ । ਮੇਰੇ ਬੈਠਿਆਂ ਬੈਠਿਆ ਉਹ ਡਰਮ ਲੂਣ ਨਾਲ ਅੱਧਾ ਕੁ ਭਰ ਗਇਆ ਸੀ ਅਤੇ ਨਾਲ ਦੇ ਡਰਮ ਵਿੱਚ ਲੋਗ ਨਵੇਂ ਝਾੜੂ ਰੱਖ ਰਹੇ ਸੀ । ਇਹ ਸਾਰਾ ਕਰਮਕਾਂਡ ਅਤੇ ਅੰਧ ਵਿਸ਼ਵਾਸ਼ ਵੇਖਦਾ ਹੋਇਆ ਅਪਣੇ ਸੁਭਾਵ ਅਨੁਸਾਰ ਕੌਮ ਦੇ ਕੇਸਾਧਾਰੀ ਬ੍ਰਾਹਮਣ ਆਗੁਆਂ ਨੂੰ   ਕੋਸਦਾ ਹੋਇਆ ਉਠਿਆ ਤੇ   ਜੋੜਾਂ ਘਰ ਤੁਰ ਪਇਆ । ਮੇਰੀ ਸਲਿਹਾਰ ਤੇ ਸਾਲਾ ਉਥੇ ਮੇਰਾ ਹੀ ਇੰਤਜਾਰ ਕਰ ਰਹੇ ਸੀ । ਮੈਨੂੰ ਵੇਖਦੇ ਹੀ ਬੋਲੇਬਹੁਤ ਦੇਰ ਲਾ ਦਿੱਤੀ ਜੀਜਾ ਜੀ ! ਅਸੀ ਤੇ ਬਹੁਤ ਦੇਰ ਦਾ ਇੰਤਜਾਰ ਕਰ ਰਹੇ ਸੀ ਮੈ ਕੁਝ ਵੀ ਨਹੀ ਬੋਲਿਆ । ਮੈਂ ਜੋੜੇ ਪਾ ਕੇ ਮੇਨ ਗੇਟ ਤੋਂ ਉਨ੍ਹਾਂ ਨਾਲ ਪੈਦਲ ਹੀ ਘਰ ਵਲ ਤੁਰ ਪਿਆ ।



ਤੁਰਦੇ ਤੁਰਦੇ ਮੇਰੇ ਸਾਲਾ ਸਾਹਿਬ ਕੁਝ ਨਾਂ ਕੁਝ ਦਸਦੇ ਜਾ ਰਹੇ ਸੀ, ਅਤੇ ਮੈਂ ਬਿਲਕੁਲ ਖਾਮੋਸ਼ ਉਨਾਂ ਨਾਲ ਤੁਰ ਰਿਹਾ ਸੀ । ਬਾਬਾ ਦੀਪ ਸਿੰਘ  ਦੇ ਗੁਰਦੁਆਰੇ ਦੇ ਬਾਹਰ ਤਰਨ ਤਾਰਨ ਰੋਡ ਤੇ ਪੁਜੇ ਹੀ ਸੀ ਕੇ ਸਾਲਾ ਸਾਹਿਬ ਨੇ ਦਸਿਆ ਕੇ ਇਹ "ਗੋਲਡਨ ਟੇੰਪਲ ਕਾਲੋਨੀ"  ਹੈ, ਦਰਬਾਰ ਸਾਹਿਬ ਦੇ ਸਾਰੇ ਰਾਗੀ ਇਥੇ ਹੀ ਰਹਿੰਦੇ ਨੇ । ਅਗੇ ਰੋਡ ਤੇ ਉਨਾਂ ਨੇ ਬਹੁਤ ਵਡੀਆਂ ਆਲੀਸ਼ਾਨ ਦੋ ਇਮਾਰਤਾ ਦਿਖਾਈਆਂ ਤੇ ਉਹ ਬੋਲੇ ਇਹ "ਵਿਧਵਾ ਆਸ਼ਰਮ" ਹੈ ਬਾਬਾ ਗੁਰ ਇਕਬਾਲ ਸਿੰਘ ਜੀ ਇਸ ਨੂੰ ਚਲਾਂਦੇ ਨੇ। ਅਗੇ ਹੋਰ ਵੀ ਇਕ ਆਸ਼ਰਮ ਬਣ ਰਿਹਾ ਹੈ। ਮੇਰੇ ਮੰਨ ਵਿੱਚ ਇਸ ਬਾਰੇ ਜੋ ਕੁਝ ਆਇਆ ਉਹ ਕਹਿ ਕੇ ਮੈਂ ਉਨਾਂ ਦਾ ਮੂਹ ਕਸੈਲਾ ਨਹੀ ਕਰਨਾਂ ਚਾਂਉਦਾ ਸੀ । ਮੇਰੇ ਮੰਨ ਵਿੱਚ ਤੇ ਹੋਰ ਹੀ ਕੁਝ ਚਲ ਰਿਹਾ ਸੀ ਜੋ ਉਸ ਗੁਰਦੁਆਰੇ ਵਿੱਚ ਹੋ ਰਹੇ ਕਰਮਕਾਂਡਾਂ ਬਾਰੇ ਮੈਂ ਇੱਨਾਂ , ਬਿਨਾਂ ਨਾਗਾ  ਜਾਂਣ ਵਾਲਿਆਂ ਦੇ ਮੁਖੋ ਹੀ ਸੁਨਣਾਂ ਚਾਂਉਦਾ ਸੀ । ਤੁਰਦੇ ਤੁਰਦੇ ਅਸੀ  ਗਲੀਆਂ ਵਿੱਚ  ਆ ਗਏ ਸੀ ।  ਉਸ ਮੁਹੱਲੇ ਦੇ ਬਹੁਤੇ ਘਰਾਂ ਦੇ ਬਾਹਰ ਮੈ ਇਕ ਖਾਸੀਅਤ ਵੇਖੀ ਕਿ ਬਹੁਤਿਆ ਸਿਖਾਂ ਦੇ ਘਰ ਦੇ ਬਾਹਰ ਇਕ ਟਾਈਲ ਪੱਕੀ  ਲਗੀ ਹੋਈ ਸੀ , ਜਿਸ ਤੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਬਣੀ ਹੋਈ ਸੀ ਅਤੇ ਲਗਭਗ ਹਰ ਸਿੱਖ ਦੇ ਘਰ ਦੇ ਬਾਹਰ "ਧੰਨ ਬਾਬਾ ਦੀਪ ਸਿੰਘ ਜੀ" ਲਿਖਿਆ ਹੋਇਆ ਸੀ। ਇਹ ਉਥੇ ਦੀ ਮਾਨਸਿਕਤਾ ਨੂੰ ਪ੍ਰਗਟ ਕਰ ਰਿਹਾ ਸੀ । ਘਰ ਨੇੜੇ ਆਂਉਦੇ ਮੈਂ ਅਪਣੀ ਸਲਿਹਾਰ ਕੋਲੋਂ ਪੁਛਿਆ " ਕੀ ਤੁਸੀ ਰੋਜ "ਸ਼ਹੀਦਾਂ ਦੇ " ਜਾਂਦੇ ਹੋ (ਉਥੇ ਦੇ ਸਾਰੇ ਲੋਕ, ਉਸ ਗੁਰਦੁਆਰੇ ਨੂੰ "ਸ਼ਹੀਦਾਂ ਦੇ" ਕਹਿ ਕੇ ਹੀ ਬੁਲਾਂਦੇ ਨੇ।)  ਉਹ ਬੋਲੀ , " ਹਾਂ ਜੀਜਾ ਜੀ , ਅਸੀ ਤੇ ਇਕ ਚਲੀਹਾ ਸੁਖਦੇ ਹਾਂ ਤੇ ਉਸ ਦੇ ਮੁੱਕਣ ਤੋਂ ਪਹਿਲਾਂ ਹੀ ਦੂਜਾ ਸੁੱਖ ਲੈਦੇ ਹਾਂ।" ਉਥੇ ਜੋਤ ਵਿਚ ਤੇਲ ਕਿਉ ਪਾਂਦੇ ਹੋ ਕੀ ਗੁਰਦੁਆਰੇ ਵਾਲੇ ਨਹੀ ਪਾਂਦੇ ? ਉਹ ਬੋਲੀ ਵੀਰ ਜੀ ਉਹ ਤੇਲ ਨਹੀ ਘਿਉ ਹੂੰਦਾ ਹੈ ਦੇਸੀ ਘਿਉ, ਜੋਤ ਵਿੱਚ ਪਾਉਣ ਨਾਲ ਮੰਨੱਤ ਪੂਰੀ ਹੂੰਦੀ ਹੈ ।  ਤੇ ਝਾਂੜੂ ਅਤੇ ਲੂਣ ਕਿਉ ਦਾਨ ਕਰਦੇ ਨੇ ? ਜੀਜਾ ਜੀ ਇਹ ਦਾਨ ਕਰਨ ਨਾਲ ਚਮੜੀ ਦੀਆਂ ਬੀਮਾਰੀਆ , ਮੱਸੇ , ਮੌਕੇ ਅਤੇ ਹੋਰ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।



ਉਨਾਂ ਦੀਆ ਗੱਲਾਂ ਅਤੇ ਉਥੇ ਦਾ ਮਾਹੋਲ ਵੇਖ ਕੇ ਹੈਰਾਨਗੀ ਘੱਟ ਅਤੇ ਦੁਖ ਜਿਆਦਾ ਹੋ ਰਿਹਾ ਸੀ । ਸ਼੍ਰੋਮਣੀ ਕਮੇਟੀ ,ਲੱਖਾਂ  ਰੁਪਏ ਬਰਬਾਦ ਕਰ ਰਹੀ ਹੈ , ਧਰਮ ਪ੍ਰਚਾਰ ਦੇ ਨਾਮ ਤੇ । ਉਨਾਂ ਦਾ ਫ੍ਰੀ ਲਿਟਰੇਚਰ ਕੀ ਕਰੇਗਾ ? ਜੇ ਉਨਾਂ ਦੀ ਅੱਖ ਥਲੇ , ਉਨਾਂ ਦੀ ਜਾਨਕਾਰੀ ਥੱਲੇ , ਉਨਾ ਦੇ ਅਪਣੇ ਘਰ ਵਿੱਚ ,ਸਿੱਖ  ਅਪਣੇ ਸ਼ਬਦ ਗੁਰੂ , ਗੁਰਬਾਣੀ ਅਤੇ ਸਿੱਖ ਸਿਧਾਂਤਾਂ ਤੋਂ ਟੁੱਟ ਕੇ ਦਿਸ਼ਾ ਹੀਨ ਹੋ ਰਿਹਾ  ਹੈ । ਪੰਜਾਬ ਵਿੱਚ ਪਤਿਤ ਪੁਣਾਂ , ਅੱਜ ਤਕ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁਕਾ ਹੈ । ਨੌਜੁਆਨ ਪੀੜ੍ਹੀ ਨਸ਼ਿਆਂ ਵਿਚ ਗਲਤਾਨ ਹੈ ।  ਇਹ ਪ੍ਰਚਾਰ ਕੌਣ ਕਰੇਗਾ ? ਇਨਾਂ ਭਟਕੇ ਹੋਏ ਸਿੱਖਾਂ ਨੂੰ ਦਿਸ਼ਾ ਕੌਣ ਦਿਖਾਏਗਾ ? ਕਰਮਕਾਂਡਾਂ ਅਤੇ ਅੰਧ ਵਿਸ਼ਵਾਸ਼ਾਂ ਤੋਂ ਹੱਟਾ ਕੇ ਇਨਾਂ ਨੂੰ , ਗੁਰੂ ਬਾਣੀ ਨਾਲ ਕੌਣ ਜੋੜੇਗਾ ?



 ਜੇ  501 ਚੌਪਈ ਦੇ ਪਾਠ ਕਰਵਾਉਣ ਵਾਲੇ ਰਾਗੀਆਂ ਨੂੰ ਅਕਾਲ ਤਖਤ ਦਾ ਹੇਡ ਗ੍ਰੰਥੀਸਿਰੋਪੇ ਦੇਂ ਦੇ ਕੇ ਸਤਕਾਰਦਾ ਰਹੇਗਾ ਅਤੇ ਗੁਰੂ ਸਿਧਾਂਤਾਂ ਨੂੰ ਸਿੱਖਾਂ ਤਕ ਪਹੂੰਚਾਣ ਵਾਲਿਆਂ ਨੂੰ, ਇਸ ਅਦਾਰੇ ਤੋਂ ਛੇਕਿਆ ਜਾਂਦਾ ਰਹੇਗਾ , ਤੇ  ਜੋ ਹਾਲਾਤ ਮੈਂ ਉਥੇ ਵੇਖੇ ਹਨ ਉਸ ਤੋਂ ਵੀ ਮਾੜੇ ਹਾਲਾਤ ਪੈਦਾ ਹੋ ਜਾਂਣਗੇ । ਬ੍ਰਾਹਮਣੀ ਸੋਚ ਅਤੇ  ਅੰਧ ਵਿਸ਼ਵਾਸ਼ ਸਿੱਖੀ ਨੂੰ ਅਪਾਹਿਜ ਬਣਾਂ ਦੇਵੇਗੀ । ਇਹੋ ਜਹੇ ਅਪੰਗ ਸੋਚ ਵਾਲੇ ਸਿੱਖ  ,ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ ਨੂੰ ਹੀ ਸਿੱਖੀ ਸਮਝ ਸਮਝ ਕੇ ਜਿਉਦੇ ਤੇ ਮਰਦੇ ਰਹਿਨ ਗੇ।