06 September 2015

ਸਯਾਮ ਕਵੀ ਕੌਣ ਹੈ, ਇਸ ਬਾਰੇ ਮੈਨੂੰ ਨਹੀਂ ਪਤਾ (ਭਾਗ ਪਹਿਲਾ): ਡਾ. ਜੋਧ ਸਿੰਘ
-: ਇੰਦਰਜੀਤ ਸਿੰਘ, ਕਾਨਪੁਰ
* ਚੌਬੀਸ ਅਵਤਾਰ ਸਿੱਖਾਂ ਵਿੱਚ ਸ਼ੂਰ ਵੀਰਤਾ ਭਰਣ ਲਈ ਲਿੱਖੀ ਗਈ ਹੋਣੀ ਹੈ।
* ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਰਜਾ ਨਹੀਂ ਦਿੱਤਾ ਜਾ ਸਕਦਾ।
* ਮੈਂ ਕਦੀ ਵੀ ਇਹ ਦਾਵਾ ਨਹੀਂ ਕੀਤਾ, ਕਿ ਦਸਮ ਗ੍ਰੰਥ ਗੁਰੂ ਕ੍ਰਿਤ ਹੈ, ਮੈਂ ਤਾਂ ਕੇਵਲ ਇਸ ਗ੍ਰੰਥ ਦਾ ਹਿੰਦੀ ਵਿੱਚ ਟੀਕਾ ਕੀਤਾ ਹੈ।
* ਤੁਹਾਡੀਆਂ ਗੱਲਾਂ ਵਿੱਚ ਦੰਮ ਹੈ। ਤੁਹਾਡੀਆਂ ਦਲੀਲਾਂ ਸੁਣ ਕੇ ਮੈਂ ਇਹ ਸੋਚਿਆ ਹੈ ਕਿ ਮੈਂ ਅਪਣੀ ਕਿਤਾਬ ਨੂੰ ਹੁਣ ਦੋਬਾਰਾ ਰਿਵਾਈਜ ਕਰਾਂਗਾ, ਤੇ ਇਨ੍ਹਾਂ ਗੱਲਾਂ ਦੇ ਅਧਾਰ 'ਤੇ ਉਸ ਵਿੱਚ ਫੁਟ ਨੋਟ ਵੀ ਲਿਖਾਂਗਾ।
* ਮੈਂ ਅਪਣੀ ਕਿਤਾਬ ਅਕਾਲ ਤਖਤ ਦੇ ਜਥੇਦਾਰ ਨੂੰ ਭੇਜੀ ਸੀ, ਕਿ ਇਸ ਵਿੱਚ ਜੋ ਕੱਟ ਵੱਡ੍ਹ ਕਰਨੀ ਹੈ, ਦਸ ਦਿਉ, ਉਹ ਮੇਰੇ ਨਾਮ ਤੋਂ ਇੱਨਾਂ ਪ੍ਰਭਾਵਿਤ ਸਨ ਕਿ ਉਨ੍ਹਾਂ ਨੇ ਬਿਨਾਂ ਪੜ੍ਹੇ ਹੀ, ਇਹ ਕਿਤਾਬ ਮੈਨੂੰ "ਠੀਕ ਹੈ" ਕਹਿ ਕੇ ਵਾਪਿਸ ਭੇਜ ਦਿੱਤੀ।



ਅੱਜ ਮਿਤੀ 05 ਸਿਤੰਬਰ, 2015 ਨੂੰ, ਗੁਦੁਆਰਾ ਭਾਈ ਬੰਨੋ ਸਾਹਿਬ, ਕਾਨਪੁਰ ਦੇ ਪ੍ਰਬੰਧਕਾਂ ਨੇ "ਸ਼੍ਰੀ ਦਸ਼ਮ ਗ੍ਰੰਥ ਸਾਹਿਬ" ਨਾਮ ਦੀ ਪੁਸਤਕ, ਜੋ ਅਖੌਤੀ ਦਸਮ ਗ੍ਰੰਥ ਦਾ ਹਿੰਦੀ ਵਿੱਚ ਟੀਕਾ ਹੈ ਦੇ ਲਿਖਾਰੀ ਡਾਕਟਰ ਜੋਧ ਸਿੰਘ, ਨੂੰ ਕਾਨਪੁਰ ਸੱਦਾ ਦਿੱਤਾ ਹੋਇਆ ਸੀ। ਕਾਨਪੁਰ ਦੇ ਕੁਝ ਜਾਗਰੂਕ ਪੰਥ ਦਰਦੀਆਂ ਦਾ ਇਕ ਸਮੂਹ ਉਨ੍ਹਾਂ ਨਾਲ, ਕੁੱਝ ਵਿਚਾਰ ਸਾਂਝੀਆਂ ਕਰਣ, ਪ੍ਰਧਾਨ ਸਰਦਾਰ ਮੋਹਕਮ ਸਿੰਘ ਭਾਟੀਆ ਹੋਰਾਂ ਦੇ ਬੁਲਾਵੇ 'ਤੇ ਗੁਰਦੁਆਰਾ ਸਾਹਿਬ ਪੁਜਿਆ ।

ਪਾਠਕਾਂ ਦੀ ਜਾਨਕਾਰੀ ਲਈ ਦਾਸ ਇਹ ਦਸ ਦੇਣਾਂ ਵੀ ਜ਼ਰੂਰੀ ਸਮਝਦਾ ਹੈ, ਕਿ ਡਾ. ਜੋਧ ਸਿੰਘ ਜੀ ਨੇ ਭਾਵੇ ਦਸਮ ਗ੍ਰੰਥ ਦਾ ਟੀਕਾ ਹਿੰਦੀ ਵਿੱਚ ਕੀਤਾ ਹੈ, ਲੇਕਿਨ ਉਹ ਇਸ ਪੱਕੇ ਨਿਰਣੇ 'ਤੇ ਨਹੀਂ ਪੁੱਜ ਸਕੇ ਹਨ ਕਿ ਇਹ ਪੁਸਤਕ ਗੁਰੂ ਦੀ ਬਾਣੀ ਹੈ ਕਿ ਨਹੀਂ। ਇਸ ਮੁਲਾਕਾਤ ਵਿੱਚ ਉਨ੍ਹਾਂ ਕੋਲੋਂ ਇੱਸ ਬਾਰੇ ਕਈ ਵਾਰ ਪੁਛਣ ਦੇ ਬਾਵਜੂਦ ਉਹ ਸਪਸ਼ਟ ਸ਼ਬਦਾਂ ਵਿੱਚ ਕੁੱਝ ਵੀ ਨਹੀਂ ਕਹਿ ਸਕੇ। ਦੂਜਾ ਡਾ. ਸਾਹਿਬ ਪੰਜਾਬ ਯੂਨੀਵਰਸਿਟੀ, ਪਟਿਆਲਾ ਦੇ ਧਾਰਮਿਕ ਅਤੇ ਦਰਸਨ ਸ਼ਾਸ਼ਤਰ ਵਿਭਾਗ ਦੇ ਇੰਚਾਰਜ ਵੀ ਰਹੇ ਹਨ। ਡਾ. ਸਾਹਿਬ ਨੇ ਹਿੰਦੀ ਸਾਹਿਤ ਵਿੱਚ ਸਾਹਿਤ ਰਤਨ, ਅਤੇ ਦਰਸ਼ਨ ਸ਼ਾਸ਼ਤਰ ਵਿੱਚ ਪੀ. ਐਚ. ਡੀ. ਵੀ ਕੀਤੀ ਹੋਈ ਹੈ। ਤੀਜੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਡਾ. ਜੋਧ ਸਿੰਘ ਦਾ ਨਾਮ ਸਿੱਖ ਵਿਰੋਧੀ ਸੰਸਥਾ, ਆਰ.ਐਸ .ਐਸ ਦੀ ਸ਼ਾਖਾ, ਰਾਸ਼ਟਰੀ ਸਿੱਖ ਸੰਗਤ ਨਾਲ ਉੱਘੇ ਤੌਰ 'ਤੇ ਜੁੜਨ ਕਰਕੇ, ਵਿਵਾਦਾਂ ਅਤੇ ਸ਼ੱਕ ਦੇ ਘੇਰੇ ਵਿੱਚ ਰਿਹਾ ਹੈ। ਰਾਸ਼ਟਰੀ ਸਿੱਖ ਸੰਗਤ ਦੀ ਵੇਬ ਸਾਈਟ ਸੰਗਤ ਸੰਸਾਰ ਵਿੱਚ ਵੀ ਉਨ੍ਹਾਂ ਦਾ ਨਾਮ 2009 ਤੋਂ ਮੇੰਮਬਰਾਂ ਦੀ ਲਿਸ਼ਟ ਵਿੱਚ ਮੌਜੂਦ ਰਿਹਾ ਹੈ, ਜਿਸਦਾ ਖੰਡਨ ਉਨ੍ਹਾਂ ਨੇ ਕਦੀ ਵੀ ਨਹੀਂ ਕੀਤਾ।



ਇਸ ਮੁਲਾਕਾਤ ਵਿੱਚ ਦਾਸ ਦੇ ਨਾਲ ਜੋ ਵੀਰ ਸ਼ਾਮਿਲ ਸਨ, ਉਹ ਹਨ ਸਰਦਾਰ ਹਰਪਾਲ ਸਿੰਘ ਗਾਂਧੀ, ਰਮਿੰਦਰ ਸਿੰਘ ਰੇਖੀ, ਵੀਰ ਕੰਵਲਪਾਲ ਸਿੰਘ, ਕਾਨਪੁਰ, ਵੀਰ ਮਨਮੀਤ ਸਿੰਘ, ਕਾਨਪੁਰ, ਸਰਦਾਰ ਬਲਬੀਰ ਸਿੰਘ ਜੀ ਮੱਟੂ ਅਤੇ ਸਰਦਾਰ ਦਲੀਪ ਸਿੰਘ ਜੀ। ਇਸ ਮੀਟਿੰਗ ਵਿਚ ਭਾਈ ਬੱਨੋ ਸਾਹਿਬ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮੋਹਕਮ ਸਿੰਘ ਅਤੇ ਹੋਰ ਸਜੱਣ ਵੀ ਮੌਜੂਦ ਸਨ।
ਪਹਿਲਾ ਸਵਾਲ ਡਾ ਜੋਧ ਸਿੰਘ ਕੋਲੋਂ ਇਹ ਪੁਛਿਆ ਗਿਆ ਕਿ "ਉਹ ਦਸਮ ਗ੍ਰੰਥ ਨਾਮ ਦੀ ਕਿਤਾਬ ਨੂੰ "ਗੁਰੂ ਦੀ ਬਾਣੀ" ਮੰਨਦੇ ਹਨ ਕਿ ਨਹੀਂ?" ਤਾਂ ਉਹ ਕੋਈ ਮਾਕੂਲ ਜਵਾਬ ਨਹੀਂ ਦੇ ਸਕੇ, ਬਲਕਿ ਉਨ੍ਹਾਂ ਕਹਿਆ ਕਿ, "ਮੈਂ ਇਸ ਗ੍ਰੰਥ ਦਾ ਹਿੰਦੀ ਵਿੱਚ ਤਰਜੁਮਾਂ ਜਰੂਰ ਕੀਤਾ ਹੈ, ਲੇਕਿਨ ਕਦੀ ਵੀ ਇਸਨੂੰ ਗੁਰੂ ਸਾਹਿਬ ਦੀ ਬਾਣੀ ਸਾਬਿਤ ਕਰਣ ਦੀ ਕੋਸ਼ਿਸ਼ ਨਹੀਂ ਕੀਤੀ।"

ਦੂਜਾ ਸਵਾਲ ਇਹ ਸੀ ਕਿ "ਚੌਬੀਸ ਅਵਤਾਰ" ਰਚਨਾ ਤਾਂ ਸਿਯਾਮ ਕਵੀ ਦੀ ਲਿੱਖੀ ਹੋਈ ਹੈ, ਇਸ ਰਚਨਾਂ ਦੇ 554 ਪੰਨਿਆਂ ਵਿੱਚ ਸ਼ਿਯਾਮ ਕਵੀ ਦਾ ਨਾਮ 380 ਵਾਰ ਆਇਆ ਹੈ ,ਜੇ ਸਾਡੇ ਵਰਗੇ ਕਿਰਤੀਆਂ ਨੂੰ ਇਹ ਨਾਮ 380 ਵਾਰ ਨਜ਼ਰ ਆ ਰਿਹਾ ਹੈ, ਤਾਂ ਤੁਹਾਡੇ ਵਰਗੇ ਵਿਦਵਾਨਾਂ ਅਤੇ ਅਕਾਲ ਤਖਤ ਦੇ ਅਖੌਤੀ ਜੱਥੇਦਾਰ ਨੂੰ ਨਜ਼ਰ ਕਿਉ ਨਹੀਂ ਆਂਉਦਾ ? ਜੋ ਇਸ ਰਚਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੋੜ ਰਹੇ ਹਨ ? ਤੇ ਜੇ ਇਹ ਰਚਨਾਂ ਗੁਰੂ ਕ੍ਰਿਤ ਹੈ ਤੇ ਇਹ ਸ਼ਿਆਮ ਕਵੀ ਕੌਣ ਸੀ ? ਤੇ ਇਸ ਰਚਨਾਂ ਨੂੰ ਸਿੱਖਾਂ ਲਈ ਲਿਖਣ ਦਾ ਮਕਸਦ ਕੀ ਸੀ ?

ਇਸ ਤੇ ਉਨ੍ਹਾਂ ਕਹਿਆ ਕਿ, "ਸ਼ਿਯਾਮ ਕਵੀ ਤੋਂ ਅਲਾਵਾ, ਰਾਮ ਅਤੇ ਕਾਲ ਕਵੀ ਦਾ ਨਾਮ ਵੀ ਇਸ ਗ੍ਰੰਥ ਵਿੱਚ ਆਇਆ ਹੈ, ਇਹ ਕੌਣ ਹਨ, ਇਹ ਇਕ ਖੋਜ ਦਾ ਵਿਸ਼ਾ ਹੈ, ਇਸ ਬਾਰੇ ਮੈਂ ਨਹੀਂ ਜਾਣਦਾ। ਕਿਸੇ ਕੋਲੋਂ ਇਹ ਸੁਣਿਆ ਸੀ ਕਿ ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ , ਪਿਆਰ ਨਾਲ ਸ਼ਿਯਾਮ ਵੀ ਕਹਿਆ ਕਰਦੇ ਸੀ, ਲੇਕਿਨ ਇਸ ਦਾ ਕੋਈ ਸਬੂਤ ਨਹੀਂ ਮਿਲਦਾ।"

ਉਨ੍ਹਾਂ ਦੇ ਇਸ ਜਵਾਬ ਨੂੰ ਸੁਣਦੇ ਹੀ ਸਾਰੇ ਵੀਰਾਂ ਨੇ ਉਨ੍ਹਾਂ ਤੇ ਸਵਾਲਾਂ ਦੀ ਝੜੀ ਹੀ ਲਾਅ ਦਿੱਤੀ, ਉਨ੍ਹਾਂ ਨੂੰ ਇਹ ਪੁਛਿਆ ਗਿਆ ਕਿ, "ਇਸ ਮਨਘੜਤ ਕਹਾਣੀ ਦੇ ਆਧਾਰ 'ਤੇ, ਤੁਹਾਡੇ ਵਰਗਾ ਵਿਦਵਾਨ ਇੰਨੀ ਹਲਕੀ ਦਲੀਲ ਦੇਵੇਗਾ, ਇਸ ਦੀ ਤੁਹਾਡੇ ਕੋਲੋਂ ਉੱਮੀਦ ਨਹੀਂ ਸੀ। ਚਲੋ ਜੇ ਥੋੜੀ ਦੇਰ ਲਈ ਇਹ ਮੰਨ ਵੀ ਲਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਘਰ ਦਾ ਨਾਮ "ਸਯਾਮ" ਕਵੀ ਸੀ ਫਿਰ ਕੀ ਰਾਮ ਅਤੇ ਕਾਲ ਕਵੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੀ ਨਾਮ ਸੀ ? ਡਾ. ਸਾਹਿਬ ਕਹਿਣ ਲੱਗੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ, ਮੈਂ ਤਾਂ ਸਿਰਫ ਸੁਣਿਆ ਹੀ ਹੈ। ਉਨ੍ਹਾਂ ਨੂੰ ਕਹਿਆ ਗਿਆ ਕਿ ਤੁਸੀਂ ਸਹੀ ਸੁਣਿਆਂ ਹੋਣਾ ਹੈ, ਕਿਉਂਕਿ ਇਸ ਗ੍ਰੰਥ ਨੂੰ ਜਿੰਦਾ ਰਖਣ ਲਈ ਕਲ ਨੂੰ ਆਰ.ਐਸ.ਐਸ ਕੋਈ ਨਾਂ ਕੋਈ ਕਿਤਾਬ ਤੁਹਾਡੀ ਯੂਨੀਵਰਸਿਟੀ ਦੇ ਕਿਸੇ ਵਿਦਵਾਨ ਕੋਲੋਂ ਜਰੂਰ ਲਿਖਵਾ ਲਵੇਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਸ਼ਯਾਮ ਕਵੀ ਸੀ। ਜੇੜ੍ਹੀ ਸ੍ਰੋਮਣੀ ਕਮੇਟੀ, ਆਰ.ਐਸ.ਐਸ ਦਾ ਲਿਖਵਾਇਆ ਹੋਇਆਂ "ਸਿੱਖ ਇਤਿਹਾਸ" ਛਪਵਾ ਸਕਦੀ ਹੈ, ਉਹ ਕੁਝ ਵੀ ਛਪਵਾ ਸਕਦੀ ਹੈ, ਇਸ ਕੂੜ ਕਿਤਾਬ ਨੂੰ ਜਿੰਦਾ ਰੱਖਣ ਲਈ।

ਵੀਰ ਕੰਵਲ ਪਾਲ ਸਿੰਘ ਨੇ ਉਨ੍ਹਾਂ ਨੂੰ ਇਸ ਬੇਸਿਰਪੈਰ ਦੇ ਜਵਾਬ ਤੇ ਇਹੋ ਜਹੀ ਦਲੀਲ ਦਿੱਤੀ ਕਿ ਡਾਕਟਰ ਸਾਹਿਬ ਚੁੱਪ ਹੀ ਸਾਧ ਗਏ। ਇਸ ਚੁੱਪ ਨੇ ਉਨ੍ਹਾਂ ਦੇ ਦਸਮ ਗ੍ਰੰਥ ਬਾਰੇ ਗਿਆਨ ਦੀ ਵੀ ਪੋਲ ਖੋਲ ਦਿੱਤੀ ਸੀ। ਵੀਰ ਕੰਵਲ ਪਾਲ ਸਿੰਘ ਜੀ ਨੇ ਉਨ੍ਹਾਂ ਨੂੰ ਕਹਿਆ ਕਿ, "ਮੰਨ ਲਵੋ ਤੁਹਾਡੇ ਮਾਤਾ ਜੀ ਤੁਹਾਨੂੰ ਘਰ ਵਿੱਚ ਪਿਆਰ ਨਾਲ "ਚੰਨ ਪੁਤੱਰ" ਕਹਿੰਦੇ ਸਨ, ਤੇ ਫਿਰ ਤੁਸੀਂ ਅਪਣੀਆਂ ਕਿਤਾਬਾਂ 'ਤੇ ਡਾ. ਜੋਧ ਸਿੰਘ ਕਿਉਂ ਲਿਖਦੇ ਹੋ ? "ਚੰਨ ਪੁੱਤਰ" ਕਿਉਂ ਨਹੀਂ ਲਿਖਦੇ ? ਕੋਈ ਵੀ ਲਿਖਾਰੀ ਆਪਣੀ ਲਿਖਿਤ 'ਤੇ ਆਪਣਾ ਪੂਰਾ ਨਾਮ ਲਿਖਦਾ ਹੈ ਕਿ ਘਰ ਦਾ ਨਾਮ ?

ਉਨ੍ਹਾਂ ਦੇ ਇਸ ਜਵਾਬ 'ਤੇ ਵੀ ਉਨ੍ਹਾਂ ਨੂੰ ਘੇਰਿਆ ਗਿਆ, ਜਿਸ ਵਿੱਚ ਉਨ੍ਹਾਂ ਕਹਿਆ ਸੀ ਕਿ "ਚੌਬੀਸ ਅਵਤਾਰ" ਦੀਆਂ ਕਹਣੀਆਂ ਸ਼ੂਰ ਵੀਰਤਾ ਲਿਆਉਣ ਲਈ ਲਿਖੀਆਂ ਗਈਆਂ ਹੋਣੀਆਂ ਨੇ। ਇਸ ਗੱਲ 'ਤੇ ਉਨ੍ਹਾਂ ਨੂੰ ਪੁਛਿਆ ਗਿਆ ਕਿ, "ਕ੍ਰਿਸ਼ਨ ਦਾ ਗੋਪੀਆਂ ਦੇ ਕਪੜੇ ਚੁਰਾ ਕੇ ਉਨ੍ਹਾਂ ਨੂੰ ਕਹਿਣਾਂ ਕਿ ਤੁਸੀਂ ਮੈਨੂੰ ਚੂੰਬਨ ਦਿਉ ਤੇ ਮੈਂ ਤੁਹਾਨੂੰ ਚੁੰਮਦਾ ਜਾਵਾਂਗਾ ਤੇ ਤੁਸੀ ਗਿਣਦੀਆਂ ਜਾਣਾ। ਤੁਸੀਂ ਸਾਰੀਆਂ ਮੈਂਨੂੰ ਅਪਣੀਆਂ ਛਾਤੀਆਂ ਪੁੱਟਣ ਦਿਉ, ਮੇਰੇ ਮਨ ਵਿੱਚ ਕਾਮ ਜਾਗ ਪਿਆ ਹੈ ਤੇ ਤੁਸੀਂ ਮੇਰੇ ਨਾਲ ਕਾਮ ਕ੍ਰੀੜਾ ਕਰੋ। ਤੇ ਫਿਰ ਉਨ੍ਹਾਂ ਸਾਰੀਆਂ ਗੋਪੀਆਂ ਨਾਲ ਕਾਮ ਕ੍ਰੀੜਾ ਕਰਕੇ, ਉਨ੍ਹਾਂ ਨੂੰ ਚੰਗੀ ਤਰ੍ਹਾਂ ਤ੍ਰਿਪਤ ਕਰਕੇ ਘਰ ਭੇਜ ਦੇਣਾਂ, ਕੀ ਇਹ ਗੰਦ ਸ਼ੂਰਵੀਰਤਾ ਸਿਖਾਉਂਦਾ ਹੈ ਕਿ ਮਨੁੱਖ ਦਾ ਬੇੜਾ ਗਰਕ ਕਰਦਾ ਹੈ ? ਡਾਕਟਰ ਸਾਹਿਬ ਕੋਲ ਇਸ ਦਲੀਲ ਦਾ ਵੀ ਕੋਈ ਜਵਾਬ ਨਹੀਂ ਸੀ। ਡਾਕਟਰ ਸਾਹਿਬ ਹੁਣ ਤਕ ਇਹ ਸਮਝ ਚੁਕੇ ਸਨ ਕਿ ਅੱਜ ਮੈਂ ਗਲਤ ਬੰਦਿਆਂ ਦੇ ਅੜਿਕੇ ਪੈ ਗਿਆ ਹਾਂ। ਹੁਣ ਤਕ ਤਾਂ ਭੰਗ ਖਾਂਣੇ ਅਤੇ ਟਕਸਾਲੀਏ ਹੀ ਮੇਰੀ ਗੱਲ ਸੁਣਦੇ ਸਨ, ਇਥੇ ਮੇਰੀ ਗੱਲ ਸੁਨਣ ਵਾਲਾ ਕੋਈ ਨਹੀਂ। 

ਇਸ ਤੋਂ ਬਾਅਦ ਤਾਂ ਡਾਕਟਰ ਸਾਹਿਬ ਲਗਭਗ ਸਮਰਪਣ ਕਰ ਚੁਕੇ ਸਨ, ਤੇ ਕਹਿਣ ਲਗੇ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਇਸ ਬਾਰੇ ਬਹੁਤ ਖੋਜ ਕੀਤੀ ਹੈ। ਤੁਹਾਡੀਆਂ ਦਲੀਲਾਂ ਵਿੱਚ ਕਾਫੀ ਹੱਦ ਤਕ ਸੱਚਾਈ ਹੈ। ਮੈਂ ਆਪਣੀ ਪੁਸਤਕ ਨੂੰ ਦੋਬਾਰਾ ਰਿਵਾਈਜ਼ ਕਰਾਂਗਾ ਤੇ ਤੁਹਾਡੀਆਂ ਦਲੀਲਾਂ ਦੇ ਅਧਾਰ 'ਤੇ ਇਨ੍ਹਾਂ ਕਹਾਣੀਆਂ ਹੇਠ ਫੁੱਟ ਨੋਟਸ ਵੀ ਲਿਖਾਂਗਾ। ਮੈਂ ਤਾਂ ਆਪਣੀ ਪੁਸਤਕ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਨੂੰ ਦੇ ਆਇਆ ਸਾਂ, ਕਿ ਇਸਨੂੰ ਵੇਖ ਪੜ੍ਹ ਲਵੋ, ਜੋ ਕੁਝ ਸਹੀ ਨਹੀਂ ਉਸ ਨੂੰ ਬਦਲ ਦਿਤਾ ਜਾਵੇ, ਲੇਕਿਨ ਉਹ ਮੇਰੇ ਨਾਮ ਤੋਂ ਇੱਨੇ ਪ੍ਰਭਾਵਿਤ ਸਨ ਕਿ ਉਨ੍ਹਾਂ ਬਿਨਾਂ ਪੜ੍ਹੇ ਹੀ, ਇਹ ਕਹਿ ਕੇ ਪੁਸਤਕ ਵਾਪਸ ਭੇਜ ਦਿੱਤੀ ਕਿ ਸਭ ਠੀਕ ਹੈ।

ਉਨ੍ਹਾਂ ਕੋਲੋਂ ਇਹ ਵੀ ਪੁਛਿਆ ਗਿਆ ਕਿ ਦੋ ਤਖਤਾਂ ਤੇ ਸਿੱਖ ਰਹਿਤ ਮਰਿਆਦਾ ਦੇ ਉਲਟ ਅਤੇ ਅਕਾਲ ਤਖਤ ਦੇ ਹੁਕਮ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਸ ਕਿਤਾਬ ਦਾ ਪ੍ਰਕਾਸ਼ (ਹਨੇਰਾ) ਕਰਣਾਂ ਕੀ ਜਾਇਜ ਹੈ? ਇਸ ਸਵਾਲ ਦਾ ਜਵਾਬ ਦਿੰਦਿਆਂ, ਉਨ੍ਹਾਂ ਕਹਿਆ ਕਿ, "ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਰਜਾ ਨਹੀਂ ਦਿੱਤਾ ਜਾ ਸਕਦਾ।"
ਚਲਦਾ...