06 September 2015

ਆਰ.ਐਸ.ਐਸ. ਇਕ ਸਿੱਖ ਵਿਰੋਧੀ ਸੰਸਥਾ ਹੈ, ਮੇਰਾ ਇਸ ਨਾਲ ਕੋਈ ਸੰਬੰਧ ਨਹੀਂ: ਡਾ. ਜੋਧ ਸਿੰਘ    (  ਆਖਰੀ ਭਾਗ)


* ਆਰ.ਐਸ.ਐਸ. ਵਾਲੇ ਜੇ ਕਿਸੇ ਕੋਲੋਂ ਡਰਦੇ ਹਨ, ਤਾਂ ਉਹ ਮੈਂ ਹਾਂ, ਕਿਉਂਕਿ ਮੈਂ ਉਨ੍ਹਾਂ ਦੀਆਂ ਸਾਰੀਆਂ ਪੋਲ ਪੱਟੀਆਂ ਜਾਂਣਦਾ ਹਾਂ।
* ਆਰ.ਐਸ.ਐਸ. ਦੇ ਸਾਰੇ ਕਾਰਨਾਮਿਆਂ ਨੂੰ ਮੈਂ ਚੰਗੀ ਤਰ੍ਹਾਂ ਜਾਂਣਦਾ ਹਾਂ, ਇਸ ਲਈ ਉਹ ਮੇਰੇ ਕੋਲੋਂ ਡਰਦੇ ਨੇ ।
* ਆਰ.ਐਸ.ਐਸ ਦੇ ਸੈਮੀਨਾਰਾਂ ਵਿੱਚ ਮੈਨੂੰ ਰੁਲਦਾ ਸਿੰਘ ਲੈ ਕੇ ਗਿਆ ਸੀ, ਜੋ ਹੁਣ ਮਰ ਚੁਕਾ ਹੈ।
* ਰਾਸ਼ਟਰੀਅਤਾ ਦੇ ਨਾਮ 'ਤੇ ਆਰ.ਐਸ.ਐਸ. ਸਾਰਿਆਂ ਨੂੰ ਖਤਮ ਕਰਕੇ, ਆਪਣਾ ਵਰਚੱਸਵ ਕਾਇਮ ਕਰਣਾ ਚਾਹੁੰਦੀ ਹੈ।

"ਗੁਰੂ ਗੋਬਿੰਦ ਸਿੰਘ ਦਵਾਰਾ ਰਚਿਤ "ਚਰਿਤ੍ਰੋ ਪਖਯਾਨ" ਕਾਮ ਸ਼ਕਤੀ ਦੇ ਗੰਭੀਰ ਵਿਸ਼ੇ... ਪ੍ਰਤੀ ਸਾਵਧਾਨ ਕਰਨ ਵਾਲੀ ਰਚਨਾ ਹੈ..." ਟਕਸਾਲੀਆਂ ਅਤੇ ਦਸਮ ਗ੍ਰੰਥੀਆਂ ਦੇ ਸੈਮੀਨਾਰ ਵਿੱਚ ਇਹੋ ਜਿਹਾ ਬਿਆਨ ਦੇਣ ਵਾਲੇ ਡਾ. ਜੋਧ ਸਿੰਘ ਜਦੋਂ ਸ਼ਬਦ ਗੁਰੂ ਦੇ ਸਿੱਖਾਂ ਦੇ ਅੜਿਕੇ ਵਿੱਚ ਆਏ, ਤਾਂ ਇਸ ਵਿਸ਼ੇ 'ਤੇ ਉਹ ਕਿਸ ਤਰ੍ਹਾਂ ਗੂੰਗੇ ਥੱਥੇ ਹੋ ਗਏ, ਇਸ ਦਾ ਜਿਕਰ ਇਸ ਲੇਖ ਦੇ ਪਹਿਲੇ ਭਾਗ ਵਿੱਚ ਕੀਤਾ ਜਾ ਚੁਕਾ ਹੈ। ਕਾਨਪੁਰ ਦੇ ਵੀਰਾਂ ਨੇ ਜਦੋਂ ਇਸ ਮੀਟਿੰਗ ਵਿੱਚ ਚਰਿਤ੍ਰੋ ਪਖਯਾਨ ਬਾਰੇ ਖੁਲ ਕੇ ਗੱਲ ਕੀਤੀ, ਤਾਂ ਡਾ. ਸਾਹਿਬ ਕੋਲੋਂ ਕਿਸੇ ਗੱਲ ਦਾ ਜਵਾਬ ਨਹੀਂ ਸੀ। ਉਨ੍ਹਾਂ ਦੇ ਮੂੰਹੋ ਇਕ ਗੱਲ ਵੀ ਇਸ ਬਾਰੇ ਨਹੀਂ ਨਿਕਲੀ, ਲੇਕਿਨ ਹੇਠ ਪਈ ਵੀਡੀਉ ਵਿੱਚ ਉਹ ਕਿਸ ਤਰ੍ਹਾਂ ਹਿੰਦੂ ਮਿਥਿਹਾਸ ਨੂੰ ਸਿੱਖੀ ਨਾਲ ਜੋੜ ਰਹੇ ਹਨ, ਅਤੇ ਇਹ ਕਹਿ ਰਹੇ ਨੇ ਕਿ "ਇਹ ਅਸ਼ਲੀਲਤਾ ਤਾਂ ਟੈਲੀਵੀਜਨ ਅਤੇ ਫਿਲਮਾਂ ਵਿੱਚ ਵਖਾਈ ਜਾਣ ਵਾਲੀ ਅਸ਼ਲੀਲਤਾ ਦੇ ਸਾਮ੍ਹਣੇ ਕੁਝ ਵੀ ਨਹੀਂ ਹੈ..." ਆਦਿਕ। ਇਕ ਪਾਸੇ ਉਹ ਇਹ ਵੀ ਮੰਨਦੇ ਹਨ ਕਿ ਇਹ "ਅਸ਼ਲੀਲਤਾ ਹੈ, ਲੇਕਿਨ ਟੈਲੀਵਿਜਨ ਵਿੱਚ ਵਖਾਈ ਜਾਂਣ ਵਾਲੀ ਅਸ਼ਲੀਲਤਾ ਨਾਲੋਂ ਘੱਟ ਹੈ..."। ਦੂਜੇ ਪਾਸੇ ਉਹ ਇਸਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਵਾਰਾ ਰਚਿਤ ਕਾਮ ਸ਼ਕਤੀ ਦਾ ਗੰਭੀਰ ਵਿਸ਼ਾ ਦਸ ਰਹੇ ਹਨ !



ਉਨ੍ਹਾਂ ਕੋਲੋਂ ਹੁਣ ਵੀਰਾਂ ਨੇ ਅਖੌਤੀ ਦਸਮ ਗ੍ਰੰਥ ਬਾਰੇ ਸਵਾਲ ਕਰਣ ਦੀ ਬਜਾਇ ਉਨ੍ਹਾਂ ਦੇ ਆਰ.ਐਸ.ਐਸ. ਨਾਲ ਰਿਸ਼ਤੇ ਬਾਰੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸਨ।

ਉਨ੍ਹਾਂ ਕੋਲੋਂ ਇਹ ਸਵਾਲ ਕੀਤਾ ਗਿਆ ਕਿ, "ਕੀ ਆਰ.ਐਸ.ਐਸ ਇਕ ਸਿੱਖ ਵਿਰੋਧੀ ਸੰਸਥਾ ਹੈ?" "ਮਰਤਾ ਕਿਆ ਨਾਂ ਕਰਤਾ" ਵਾਲੀ ਕਹਾਵਤ ਉੱਥੇ ਵੀ ਲਾਗੂ ਹੋਈ। ਸਵਾਲਾਂ ਦੇ ਅੜਿਕੇ ਵਿਚ ਫਸੇ ਡਾਕਟਰ ਸਾਹਿਬ ਬੋਲੇ, "ਬਿਲਕੁਲ, ਇਹ ਇਕ ਸਿੱਖ ਵਿਰੋਧੀ ਸੰਸਥਾ ਹੈ, ਸਿੱਖਾਂ ਨੂੰ ਇਸਤੋਂ ਦੂਰ ਰਹਿਣਾ ਚਾਹੀਦਾ ਹੈ।"
 ਡਾ. ਜੋਧ ਸਿੰਘ ਆਪਣਾ ਨਾਮ ਆਰ.ਐਸ.ਐਸ. ਦੀ ਲਿਸਟ 'ਚ ਗਹੁ ਨਾਲ ਦੇਖਦੇ ਹੋਏ

























































"ਗੰਗਾ ਆਏ ਗੰਗਾਰਾਮ, ਜਮੁਨਾਂ ਗਏ ਜਮੁਨਾਰਾਮ" ਵਾਲੀ ਕਹਾਵਤ 'ਤੇ ਖਰੇ ਉਤਰਦੇ, ਡਾਕਟਰ ਸਾਹਿਬ ਨੇ ਇਹ ਸਾਬਿਤ ਕਰ ਦਿੱਤਾ ਕਿ ਜਿਹੋ ਜਹਿਆ ਮਾਹੌਲ ਵੇਖਦੇ ਹਨ, ਉਹੋ ਜਿਹਾ ਬਿਆਨ ਦਿੰਦੇ ਹਨ। ਇਸ ਵੀਡੀਉ ਅਤੇ ਕਾਨਪੁਰ ਦੇ ਸਿੱਖਾਂ ਨਾਲ ਹੋਈ ਮੀਟਿੰਗ ਦੋਹਾਂ ਨੂੰ ਵੇਖ ਕੇ ਇਹ ਸਾਬਿਤ ਹੋ ਗਿਆ।

ਨੋਟ : ਇਹ ਵੀਡੀਉ ਸਾਨੂੰ ਉਨ੍ਹਾਂ ਨਾਲ ਮੁਲਾਕਾਤ ਵਿੱਚ ਹੋਈ ਗਲਬਾਤ ਤੋਂ ਬਾਅਦ ਵੇਖਣ ਨੂੰ ਮਿਲੀ, ਨਹੀਂ ਤਾਂ ਉਨ੍ਹਾਂ ਨਾਲ ਹੋਈ ਮੁਲਾਕਾਤ ਵਿੱਚ ਸਾਰੇ ਸਵਾਲ ਹੀ ਸ਼ਾਇਦ ਚਰਿਤ੍ਰੋ ਪਾਖਯਾਨ ਦੇ ਵਿਸ਼ੇ 'ਤੇ ਹੀ ਹੋਣੇ ਸਨ।

ਇਕ ਪਾਸੇ ਜੋ ਇਹ ਵਿਦਵਾਨ "ਚਰਿਤ੍ਰੋ ਪਖਯਾਨ" ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾਂ ਕਹਿ ਰਿਹਾ ਹੈ, ਦੂਜੇ ਪਾਸੇ ਇਹ ਸਾਨੂੰ ਕਹਿ ਰਿਹਾ ਹੈ ਕਿ, "ਸਯਾਮ ਕਵੀ ਕੌਣ ਸੀ, ਮੈਨੂੰ ਇਸ ਦਾ ਕੋਈ ਗਿਆਨ ਨਹੀਂ... ਮੈਂ ਤਾਂ ਸਿਰਫ ਉਸ ਪੁਸਤਕ ਦਾ ਅਨੁਵਾਦ ਹੀ ਕੀਤਾ ਹੈ।" ਇਹੋ ਜਹੇ ਰੰਗ ਬਦਲਣ ਵਾਲੇ ਵਿਦਵਾਨ ਦੇ ਕਿਰਦਾਰ ਨੂੰ ਵੇਖਦਿਆਂ, ਇਸਨੂੰ ਮਿਲਨ ਗਏ ਵੀਰਾਂ ਨੇ "ਦਸਮ ਗ੍ਰੰਥ" ਦਾ ਮੁੱਦਾ ਬਦਲ ਦਿਤਾ। ਇਨ੍ਹਾਂ ਦੀ ਦੁਖਦੀ ਰੱਗ 'ਤੇ ਹੱਥ ਰਖਦਿਆਂ, ਵੀਰ ਕੰਵਲਪਾਲ ਸਿੰਘ ਜੀ ਨੇ ਅਚਾਨਕ ਇਹ ਪੁੱਛ ਲਿਆ ਕਿ, "ਆਰ.ਐਸ.ਐਸ. ਜੋ ਕਹਿਆ ਜਾਂਦਾ ਹੈ ਕਿ ਇਕ ਸਿੱਖ ਵਿਰੋਧੀ ਸੰਗਠਨ ਹੈ, ਉਸ ਨਾਲ ਤੁਹਾਡਾ ਕੀ ਸੰਬੰਧ ਹੈ ? ਤੁਹਾਡਾ ਨਾਮ ਉਨ੍ਹਾਂ ਦੀ ਵੈਬਸਾਈਟ 'ਤੇ, ਉਨ੍ਹਾਂ ਨਾਲ ਜੁੜੀਆਂ ਸ਼ਖਸ਼ੀਅਤਾਂ ਦੀ ਲਿਸਟ ਵਿਚ ਦਰਜ ਹੈ ? ਕੁਝ ਦੇਰ ਹੱਕੇ ਬੱਕੇ ਰਹਿਣ ਤੋਂ ਬਾਅਦ ਉਹ ਕਹਿਣ ਲੱਗੇ ਕਿ, ਤੁਹਾਡੇ ਕੋਲ ਕੀ ਸਬੂਤ ਹੈ ?(ਉਹ ਇਹ ਚੰਗੀ ਤਰ੍ਹਾਂ ਜਾਂਣਦੇ ਸਨ ਕਿ ਉਹ ਲਿਸਟ ਹੁਣ ਉਸ ਵੇਬਸਾਈਟ ਤੋਂ ਹਟਾ ਦਿੱਤੀ ਗਈ ਹੈ, ਇਸੇ ਲਈ ਉਨ੍ਹਾਂ ਨੇ ਇਹ ਸਵਾਲ ਕੀਤਾ) ਦਾਸ ਨੇ ਫੌਰਨ ਉਹ ਲਿਸਟ ਜਿਸ ਵਿੱਚ ਉਨ੍ਹਾਂ ਦਾ ਨਾਮ ਲਿਖਿਆ ਹੋਇਆ ਹੈ, ਉਸ ਦਾ ਪ੍ਰਿੰਟ ਆਉਟ ਉਨ੍ਹਾਂ ਨੂੰ ਫੜਾ ਦਿਤਾ ਤਾਂ ਉਹ ਬਹੁਤ ਦੇਰ ਤਕ ਉਸਨੂੰ ਵੇਖਦੇ ਰਹੇ। ਫਿਰ ਉਹ ਕਹਿਣ ਲੱਗੇ, ਇਹ ਤਾਂ ਬਹੁਤ ਪੁਰਾਨੀ ਗੱਲ ਹੈ, ਮੈਨੂੰ ਉਨ੍ਹਾਂ ਦੇ ਸੈਮੀਨਾਰ ਵਿੱਚ ਰੁਲਦਾ ਸਿੰਘ ਲੈ ਕੇ ਗਿਆ ਸੀ, ਜੋ ਹੁਣ ਮਰ ਚੁਕਾ ਹੈ। ਜਦਕਿ ਸਾਡੇ ਵੀਰ ਇਹ ਜਾਣਦੇ ਸਨ ਕਿ ਇਹ ਉਨ੍ਹਾਂ ਦੇ ਸੈਮੀਨਾਰਾਂ ਵਿੱਚ ਚੀਫ ਗੇਸਟ ਬਣ ਕੇ ਆਂਉਦੇ ਰਹੇ ਹਨ।

ਮਿਲਣ ਗਏ ਵੀਰਾਂ ਨੂੰ ਉਨ੍ਹਾਂ ਦੀ ਇਸ ਬਨਾਵਟੀ ਗੱਲ ਤੋਂ ਸ਼ਾਇਦ ਤਸੱਲੀ ਨਹੀਂ ਹੋ ਰਹੀ ਸੀ। ਦਾਸ ਨੇ ਉਨ੍ਹਾਂ ਨੂੰ ਕਿਹਾ ਕਿ, ਜੇ ਤੁਸੀ ਜਾਣਦੇ ਸੀ, ਕਿ ਉਨ੍ਹਾਂ ਦੀ ਵੈਬਸਾਈਟ 'ਤੇ ਤੁਹਾਡਾ ਨਾਮ ਛਪਿਆ ਹੋਇਆ ਹੈ, ਤਾਂ ਤੁਸੀ ਅੱਜ ਤਕ ਇਸ ਦਾ ਖੰਡਨ ਕਿਉਂ ਨਹੀਂ ਕੀਤਾ ? ਹੁਣ ਅਪਣੀ ਗੱਲ ਨੂੰ ਸਹੀ ਸਾਬਿਤ ਕਰਣ ਲਈ ਜਾਂ ਤਾਂ ਇਹ ਸਵੀਕਾਰ ਕਰੋ ਕਿ ਤੁਸੀਂ ਆਰ.ਐਸ. ਐਸ. ਲਈ ਕੰਮ ਕਰ ਰਹੇ ਹੋ, ਜਾਂ ਇਸ ਦਾ ਖੰਡਨ ਜਨਤਕ ਰੂਪ ਵਿੱਚ ਕਰੋ। ਉਨ੍ਹਾਂ ਕਹਿਆ ਕਿ "ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਆਰ.ਐਸ.ਐਸ ਇਕ ਸਿੱਖ ਵਿਰੋਧੀ ਸੰਸਥਾ ਹੈ, ਇਹ ਰਾਸ਼ਟਰੀਅਤਾ ਦੇ ਨਾਮ 'ਤੇ ਸਾਰਿਆਂ ਨੂੰ ਖਤਮ ਕਰਕੇ ਆਪਣਾਂ ਵਰਚੱਸਵ ਕਾਇਮ ਕਰਣਾ ਚਾਹੁੰਦੀ ਹੈ।"

ਦਾਸ ਨੇ ਉਨ੍ਹਾਂ ਨੂੰ ਦੋਹਰਾ ਕੇ ਕਹਿਆ ਕਿ, "ਕੀ ਆਪ ਜੀ ਦੇ ਇਸ ਬਿਆਨ ਨੂੰ ਅਸੀਂ ਜਨਤਕ ਕਰ ਦੇਈਏ ? " ਤਾਂ ਉਨ੍ਹਾਂ ਜਵਾਬ ਦਿੱਤਾ "ਬੇਸ਼ਕ"।

ਸਾਡੇ ਵੀਰ ਰਮਿੰਦਰ ਸਿੰਘ ਰੇਖੀ ਇਸ ਗੱਲਬਾਤ ਦੀ ਵੀਡੀਉ ਅਤੇ ਆਡਿਉ ਰਿਕਾਰਡਿੰਗ ਆਪਣੇ ਮੋਬਾਈਲ 'ਤੇ ਕਰ ਰਹੇ ਸਨ। ਸਰਦਾਰ ਮੋਹਕਮ ਸਿੰਘ ਹੋਰਾਂ ਨੇ ਕਹਿਆ ਕਿ ਇਹ ਰਿਕਾਰਡਿੰਗ ਬੰਦ ਕਰ ਦਿਉ, ਤਾਂ ਦਾਸ ਨੇ ਉਨ੍ਹਾਂ ਨੂੰ ਕਹਿਆ "ਕਿ ਇਕ ਗੱਲ ਧਿਆਨ ਨਾਲ ਸੁਣੋ ! ਅਸੀਂ ਪੰਥ ਦੇ ਨੁਮਾਇੰਦੇ ਦੇ ਤੌਰ 'ਤੇ ਤੁਹਾਨੂੰ ਮਿਲਣ ਆਏ ਹਾਂ, ਇਸ ਮੁਲਾਕਾਤ ਨੂੰ ਪੰਥ ਦੇ ਅੱਗੇ ਰਖਿਆ ਜਾਵੇਗਾ, ਅਸੀਂ ਕੋਈ ਤੁਹਾਨੂੰ ਜਾਤੀ ਤੌਰ 'ਤੇ ਮਿਲਣ ਨਹੀਂ ਆਏ । ਜੇ ਤੁਸੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਬੁਲਾ ਬੁਲਾ ਕੇ ਸਤਕਾਰਦੇ ਰਹੇ, ਤਾਂ ਸਾਡਾ ਤੁਹਾਡਾ ਕੋਈ ਨਾਤਾ ਨਹੀਂ ਰਹਿ ਜਾਵੇਗਾ" ( ਯਾਦ ਰਹੇ ਕਿ ਕੁੱਝ ਦਿਨ ਬਾਦ ਅਕਾਲ ਤਖਤ ਦੇ ਹੈਡ ਗ੍ਰੰਥੀ ਗੁਰਬਚਨ ਸਿੰਘ ਨੂੰ ਵੀ ਇਹ ਕਮੇਟੀ, ਕਾਨਪੁਰ ਬੁਲਾ ਰਹੀ ਹੈ) ਇਸ ਗੱਲ 'ਤੇ ਸਰਦਾਰ ਮੋਹਕਮ ਸਿੰਘ ਸ਼ਾਂਤ ਹੋ ਕੇ ਬਹਿ ਗਏ। ਸਾਡੇ ਕੋਲ ਸਬੂਤ ਵਜੋਂ ਇਸ ਮੀਟਿੰਗ ਦੀ ਆਡੀਉ ਅਤੇ ਵੀਡੀਉ ਰਿਕਾਰਡਿੰਗ ਮੌਜੂਦ ਹੈ। ਉਸ ਰਿਕਾਰਡਿੰਗ ਦੇ ਆਧਾਰ 'ਤੇ ਇਹ ਲੇਖ ਆਪ ਜੀ ਤਕ ਪੰਹੁਚਾਇਆ ਜਾ ਰਿਹਾ ਹੈ।

ਇਨ੍ਹਾਂ ਸਿੱਖ ਵਿਰੋਧੀ ਸੰਸਥਾਵਾਂ ਨਾਲ ਜੁੜੇ ਲੋਕਾਂ ਨੂੰ ਸ਼ਾਇਦ ਇਹ ਵੀ ਹਿਦਾਇਤ ਦਿੱਤੀ ਜਾਂਦੀ ਹੋਵੇਗੀ ਕਿ, ਜੇ ਤੁਹਾਡੇ ਅਤੇ ਸਾਡੇ ਸੰਬੰਧਾਂ ਦਾ ਪਤਾ ਲੱਗ ਜਾਵੇ ਤਾਂ ਤੁਸੀਂ ਫੌਰਨ ਇਨਕਾਰ ਕਰ ਦਿਉ ਕਿ ਸਾਡਾ, ਤੁਹਾਡਾ ਕੋਈ ਰਿਸ਼ਤਾ ਨਹੀਂ, ਬਲਕਿ ਸਾਡੀ ਬੁਰਾਈ ਵੀ ਕਰੋ, ਤਾਂਕਿ ਜਿਨ੍ਹਾਂ ਦੇ ਖਿਲਾਫ ਅਸੀਂ ਚਾਲਾਂ ਚੱਲ ਰਹੇ ਹਾਂ, ਉਨ੍ਹਾਂ ਦੀ ਨਜ਼ਰ ਵਿੱਚ ਤੁਸੀਂ ਪਾਕ ਸਾਫ ਹੋ ਜਾਉ। ਸ਼ਾਇਦ ਇੱਸੇ ਚਾਣਕਿਆ ਨੀਤੀ ਨੂੰ ਫਾਲੋ ਕਰਦੇ ਹੋਏ, ਡਾਕਟਰ ਸਾਹਿਬ ਇਹ ਵੀ ਕਹਿ ਗਏ ਕਿ, "ਆਰ.ਐਸ.ਐਸ. ਇਕ ਸਿੱਖ ਵਿਰੋਧੀ ਸੰਸਥਾ ਹੈ। ਜੇ ਇਹ ਕਿਸੇ ਕੋਲੋਂ ਡਰਦੇ ਹਨ, ਤਾਂ ਸਿਰਫ ਉਹ ਮੈਂ ਹਾਂ, ਕਿਉਕਿ ਮੈਂ ਇਨ੍ਹਾਂ ਦੀ ਸਾਰੀ ਪੋਲ ਪੱਟੀ ਜਾਂਣਦਾ ਹਾਂ।

ਸਾਡੇ ਮਨ ਵਿੱਚ ਆ ਰਿਹਾ ਸੀ ਕਿ ਜੇ ਤੁਸੀਂ ਆਰ.ਐਸ.ਐਸ. ਨਾਲ ਜੁੜੇ ਨਹੀਂ ਹੋ, ਤਾਂ ਫਿਰ ਤੁਹਾਡੇ ਕੋਲੋਂ ਉਹ ਕਿਉਂ ਡਰਦੇ ਹਨ ? ਲੇਕਿਨ ਵਾਰ ਵਾਰ ਉਨ੍ਹਾਂ ਦਵਾਰਾ, ਆਰ.ਐਸ.ਐਸ. ਨੂੰ ਸਿੱਖ ਵਿਰੋਧੀ ਸੰਸਥਾ ਕਹਿਣ ਕਰਕੇ, ਸਾਡਾ ਵਾਰ ਵਾਰ ਇਹ ਸਵਾਲ ਕਰਣਾ ਬਣਦਾ ਨਹੀਂ ਸੀ। ਵੀਰ ਕੰਵਲ ਪਾਲ ਸਿੰਘ ਜੀ ਨੇ ਇਸ ਮੀਟਿੰਗ ਵਿੱਚ ਹੋਈ ਹੇਠ ਲਿਖੀਆਂ ਗੱਲਾਂ ਦੋਹਰਾ ਕੇ ਉਨ੍ਹਾਂ ਕੋਲੋਂ ਦੋਬਾਰਾ ਪੁਛਿਆਂ ਤੇ ਇਨ੍ਹਾਂ ਸਵਾਲ ਜਵਾਬਾਂ ਦੀ ਰਿਕਾਰਡਿੰਗ ਨਾਲ ਇਹ ਮੀਟਿੰਗ ਖਤਮ ਹੋ ਗਈ।

ਸਵਾਲ : ਅਕਾਲੀ ਦਲ ਤੇ ਬੀ. ਜੇ. ਪੀ ਦਾ ਗੱਠਜੋੜ ਹੈ, ਕੀ ਇਸ ਦਾ ਅਸਰ ਸ਼੍ਰੋਮਣੀ ਕਮੇਟੀ 'ਤੇ ਨਹੀਂ ਪੈ ਰਿਹਾ ? ਕੀ ਸਿੱਖੀ ਦਾ ਨੁਕਸਾਨ ਨਹੀਂ ਹੋ ਰਿਹਾ ?
ਜਵਾਬ : ਬਿਲਕੁਲ, ਪੈ ਰਿਹਾ ਹੈ।

ਸਵਾਲ : ਇਸ ਕਿਤਾਬ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੋੜਿਆ ਗਿਆ ਹੈ, ਲੇਕਿਨ ਇਹ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਰਖਣ ਯੋਗ ਨਹੀਂ ਹੈ?
ਜਵਾਬ : ਬਿਲਕੁਲ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ।

ਸਵਾਲ : ਤੁਸੀਂ ਅਖੌਤੀ ਦਸਮ ਗ੍ਰੰਥ ਦਾ ਹਿੰਦੀ ਵਿੱਚ ਟੀਕਾ ਕੀਤਾ ਹੈ, ਲੇਕਿਨ ਤੁਸੀਂ ਇਹ ਨਹੀਂ ਜਾਂਣਦੇ ਕਿ ਸਯਾਮ, ਰਾਮ ਅਤੇ ਕਾਲ ਕਵੀ ਕੌਣ ਸਨ ?
ਜਵਾਬ : ਨਹੀਂ, ਮੈਂ ਨਹੀਂ ਜਾਂਣਦਾ।

ਸਵਾਲ : ਤੁਹਾਡਾ ਕਹਿਣਾਂ ਹੈ ਕਿ ਆਰ.ਐਸ.ਐਸ. ਇਕ ਸਿੱਖ ਵਿਰੋਧੀ ਸੰਸਥਾ ਹੈ, ਉਸ ਨਾਲ ਤੁਹਾਡਾ ਕੋਈ ਰਿਸ਼ਤਾ ਨਹੀਂ?
ਜਵਾਬ : ਬਿਲਕੁਲ। ਇਹ ਰਾਸ਼ਟ੍ਰੀਅਤਾ ਦੇ ਨਾਮ 'ਤੇ ਸਾਰਿਆਂ ਨੂੰ ਖਤਮ ਕਰਕੇ ਆਪਣਾਂ ਵਰਚੱਸਵ ਕਾਇਮ ਕਰਣਾਂ ਚਾਹੁੰਦੇ ਹਨ। ਜੇ ਉਹ ਕਿਸੇ ਕੋਲੋਂ ਡਰਦੇ ਹਨ, ਤਾਂ ਉਹ ਮੇਰੇ ਕੋਲੋਂ ਹੀ ਡਰਦੇ ਹਨ, ਕਿਉਂਕਿ ਮੈਂ ਉਨ੍ਹਾਂ ਦੀ ਸਾਰੀ ਪੋਲ ਪੱਟੀ ਜਾਂਣਦਾ ਹਾਂ। (ਇਸ ਮੀਟਿੰਗ ਵਿੱਚ ਉਨ੍ਹਾਂ ਨੇ ਇਹ ਦੋਬਾਰਾ ਕਹਿਆ)

ਸਵਾਲ : ਤੁਸੀਂ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਦੀ ਰਚਨਾਂ ਮੰਨਦੇ ਹੋ ?
ਜਵਾਬ : ਰਚਨਾ ਮੰਨਣ ਵਿੱਚ ਕੋਈ ਹਰਜ ਨਹੀਂ, ਲੇਕਿਨ ਜੋ ਗੱਲਾਂ ਤੁਸੀਂ ਕਹਿ ਰਹੇ ਹੋ, ਉਸਦੇ ਪੇਜ ਨੰਬਰ ਮੈਨੂੰ ਦਸ ਦਿਉ, ਉਸ ਬਾਰੇ ਮੈਂ ਸਟਡੀ ਕਰਕੇ ਲਿਖ ਦਿਆਂਗਾ (ਟੀਕਾ ਕਰਣ ਵਾਲੇ ਵਿਦਵਾਨ ਨੂੰ, ਪੇਜ ਨੰਬਰ ਵੀ ਅਸੀਂ ਦਸ ਦੇਈਏ, ਕਿੰਨੀ ਬੇਵਕੂਫ ਬਨਾਉਣ ਅਤੇ ਪਿਛਾ ਛੁਡਾਉਣ ਵਾਲੀ ਗੱਲ, ਇਨ੍ਹਾਂ ਨੇ ਸਾਡੇ ਨਾਲ ਕੀਤੀ ਹੈ, ਇਸ ਦਾ ਅੰਦਾਜਾ ਤੁਸੀਂ ਆਪ ਲਾ ਸਕਦੇ ਹੋ।

ਖਾਲਸਾ ਜੀ ! ਅੱਜ ਸਾਨੂੰ ਕੋਈ ਦੁਸ਼ਮਨ ਖਤਮ ਨਹੀਂ ਕਰ ਰਿਹਾ, ਅੱਜ ਸਾਡੇ ਹੀ ਵਿੱਚੋਂ, ਸਾਡੇ ਹੀ ਚੇਹਰੇ ਮੁਹਰੇ ਵਾਲੇ ਲੋਕ ਸਿੱਖੀ ਦੇ ਦੁਸ਼ਮਨਾਂ ਨਾਲ ਮਿੱਲ ਕੇ ਸਿੱਖੀ ਨੂੰ ਢਾਅ ਲਾਅ ਰਹੇ ਹਨ। ਇਸ ਲਈ ਅੱਜ ਸਿੱਖੀ ਨਿਘਾਰ ਦੇ ਉਸ ਪੜਾਅ 'ਤੇ ਖੜੀ ਹੈ, ਜੋ ਬਹੁਤ ਹੀ ਖਤਰਨਾਕ ਹੈ। ਇਹੋ ਜਹੇ ਹਾਲਾਤ ਸਿੱਖ ਇਤਿਹਾਸ ਵਿੱਚ ਪਹਿਲਾਂ ਕਦੀ ਵੀ ਨਹੀਂ ਸਨ ਆਏ।

ਖਾਲਸਾ ਜੀ ਜਾਗੋ 
ਸੁਚੇਤ ਹੋਵੋ ! ਤੇ ਹੋਰਨਾਂ ਨੂੰ ਵੀ ਸੁਚੇਤ ਕਰੋ ! ਖੋਖਲੀਆਂ ਨੀਹਾਂ ਵਾਲੀਆਂ ਇਮਾਰਤਾਂ ਦੇ ਢਹਿ ਢੇਰੀ ਹੋਣ ਵਿੱਚ ਕੋਈ ਬਹੁਤਾ ਸਮਾਂ ਨਹੀਂ ਜੇ ਲਗਦਾ। ਪਹਿਲਾਂ ਕੋਈ ਇੱਕ ਵਿਦਵਾਨ, ਕਿਸੇ ਇੱਕ ਆਗੂ ਬਾਰੇ ਸੁਣੀਂਦਾ ਸੀ ਕਿ, ਉਹ ਸਿੱਖ ਵਿਰੋਧੀ ਸੰਗਠਨਾਂ ਨਾਲ ਰੱਲ ਗਿਆ ਹੈ। ਹੁਣ ਤਾਂ ਲਗਦਾ ਹੈ ਬਹੁਤੇ ਵਿਦਵਾਨ ਅਤੇ ਆਗੂ ਸਾਰੇ ਹੀ ਪੰਥ ਵਿਰੋਧੀ ਤਾਕਤਾਂ ਨਾਲ ਰੱਲ ਗਏ ਹਨ। ਸਿੱਖਾਂ ਨੂੰ ਹਿੰਦੂ ਸਾਬਿਤ ਕਰਣ ਦੀ ਇਹ ਸ਼ੁਰੂਆਤ ਤੇ ਸਾਧੂ ਦਇਆਨੰਦ ਨੇ ਹੀ ਸ਼ੁਰੂ ਕਰ ਦਿੱਤੀ ਸੀ। ਮਸਲਾ ਪੁਰਾਣਾਂ ਹੈ, ਜੇ ਪੁਰਾਣਾ ਨਾ ਹੁੰਦਾ ਤਾਂ ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੂੰ "ਹਮ ਹਿੰਦੂ ਨਹੀਂ" ਪੁਸਤਕ ਲਿਖਣ ਦੀ ਲੋੜ ਹੀ ਨਾਂ ਪੈਂਦੀ। ਅਸੀਂ ਉਨ੍ਹਾਂ ਦੀ ਉਸ ਮਹਾਨ ਪੁਸਤਕ ਤੋਂ ਸਬਕ ਲੈਣ ਦੀ ਬਜਾਇ, ਉਸ ਦੇ ਉਲਟ ਹੀ ਚਲਦੇ ਰਹੇ। 

ਕਸੂਰ ਸਾਡਾ ਆਪਣਾ ਹੈ। ਨਤੀਜਾ ! ਸਾਡੀਆਂ ਆਪਣੀਆਂ ਗਲਤੀਆਂ ਅਤੇ ਅਵੇਸ੍ਹਲੇ ਪਣ ਦਾ ਹੀ ਕਾਰਣ ਹੈ ਕਿ, ਸਿੱਖ ਵਿਰੋਧੀ ਤਾਕਤਾਂ ਦਾ ਉਹ ਸਪੋਲਾ, ਹੁਣ ਇਕ ਭਇਆਨਕ ਅਜਗਰ ਬਣ ਕੇ ਸਾਨੂੰ ਅਪਣੇ ਵੱਡੇ ਢਿਡ ਵਿੱਚ ਸਮਾਅ ਲੈਣ ਲਈ ਤਿਆਰ ਖੜਾ ਹੈ।
ਇੰਦਰਜੀਤ ਸਿੰਘ, ਕਾਨਪੁਰ