22 July 2015




ਇੰਦਰਜੀਤ ਸਿੰਘ, ਕਾਨਪੁਰ

ਮਨੁੱਖ ਨੂੰ ਕੁਦਰਤ ਦੀ ਇਹ ਦੇਣ ਹੈ ਕਿ, ਕੋਈ ਵੀ ਮਨੁੱਖ ਜਦੋਂ ਆਰਥਿਕ ਅਤੇ ਸਮਾਜਿਕ ਪੱਖੋਂ ਸਮਰੱਥ ਹੋ ਜਾਂਦਾ ਹੈ, ਤਾਂ ਉਸ ਦੀ ਪਹਿਲੀ ਖੁਹਾਇਸ਼ ਹੁੰਦੀ ਹੈ ਕਿ ਉਸ ਦਾ ਇਕ "ਆਪਣਾ ਘਰ" ਹੋਵੇ। ਵੱਡਾ ਨਾ ਸਹੀ, ਭਾਵੇਂ ਛੋਟਾ ਜਿਹਾ ਹੀ ਹੋਵੇ। ਜਿਸਨੂੰ ਉਹ ਕਹਿ ਸਕੇ ਕਿ ਇਹ "ਮੇਰਾ ਘਰ" ਹੈ। ਜਿਸ ਵਿੱਚ ਉਸ ਦਾ ਹੀ ਕਾਇਦਾ ਅਤੇ ਕਾਨੂੰਨ ਚੱਲੇ। ਕਿਰਾਏ ਦਾ ਬੰਗਲਾ ਭਾਵੇ ਕਿੰਨਾਂ ਹੀ ਵਡਾ ਅਤੇ ਖੂਬਸੂਰਤ ਕਿਉ ਨਾਂ ਹੋਵੇ, ਉਸ ਵਿਚ ਉਸਦੀ ਤਸੱਲੀ ਨਹੀਂ ਹੁੰਦੀ। ਉਸਨੂੰ ਤਾਂ ਉਸ ਘਰ ਦੀ ਦਰਕਾਰ ਹੁੰਦੀ ਹੈ, ਜਿਸ ਘਰ ਦੀ ਇਕ ਇਕ ਚੀਜ ਤੇ ਉਸਦੀ ਪ੍ਰਭੂਸੱਤਾ ਹੋਵੇ। ਉਸਦੀ ਜਮੀਨ ਤੋਂ ਲੈ ਕੇ ਉਸ ਵਿੱਚ ਰਹਿਣ ਵਾਲੇ, ਸਾਰੇ ਉਸਦੇ ਅਪਣੇ ਹੋਣ। ਅਪਣੇ ਘਰ ਦਾ ਸੁਫਨਾਂ ਹਰ ਮਨੁੱਖ ਜਰੂਰ ਵੇਖਦਾ ਹੈ।

ਇਸ ਲਈ ਉਹ ਅਪਣੀ ਸਾਰੀ ਉਮਰ ਦੀ ਜੋੜੀ ਹੋਈ ਕਮਾਈ ਦਾ ਇਕ ਬਹੁਤ ਵੱਡਾ ਹਿੱਸਾ, ਉਸ ਦੀ ਉਸਾਰੀ ਲਈ ਖਰਚ ਕਰਨ ਲਈ ਤਿਆਰ ਹੋ ਜਾਂਦਾ ਹੈ। ਉਸ ਘਰ ਦੀ ਉਸਾਰੀ ਲਈ ਜਮੀਨ ਦਾ ਇਕ ਟੁਕੜਾ ਹਾਸਿਲ ਕਰਨਾ, ਉਸ ਦਾ ਪਹਿਲਾ ਉਪਰਾਲਾ ਹੁੰਦਾ ਹੈ। ਇਹ ਹੀ ਹੁੰਦੀ ਹੈ ਉਸ ਦੇ ਸੁਫਨਿਆਂ ਦਾ ਘਰ ਸਿਰਜਨ ਲਈ, ਉਸ ਦੀ ਆਪਣੀ "ਹੋਮ ਲੈਂਡ"। ਜਿਸ ਦਿਨ ਉਹ ਅਪਣੇ ਸੁਫਨਿਆਂ ਦੇ ਘਰ ਦੀ ਉਸਾਰੀ ਲਈ ਜਮੀਨ ਦਾ ਟੁਕੜਾ ਹਾਸਿਲ ਕਰ ਲੈਂਦਾ ਹੈ, ਉਸ ਦਿਨ ਉਹ ਇਕ ਅਜੀਬ ਜਹੀ ਸ਼ਾਂਤੀ ਅਤੇ ਖੁਸ਼ੀ ਮਹਸੂਸ ਕਰਦਾ ਹੈ। ਭਾਵੇਂ ਹੱਲੀ ਉਸ ਉਪਰ ਉਸਦੇ ਸੁਫਨਿਆਂ ਦਾ ਘਰ ਨਾ ਵੀ ਬਣਿਆ ਹੋਵੇ, ਇਹੋ ਜਹੀ ਖੁਸ਼ੀ ਤੁਸੀਂ ਉਸ ਬੰਦੇ 'ਤੇ ਵੇਖ ਸਕਦੇ ਹੋ, ਜੋ ਮਕਾਨ ਬਨਾਉਣ ਲਈ ਇਕ "ਪਲਾਟ" ਖਰੀਦ ਕੇ ਆਪਣੇ ਪਰਿਵਾਰ ਵਿਚ ਆਂਉਦਾ ਹੈ।

ਸਾਰੀ ਉਮਰ ਦੀ ਖੂਨ ਪਸੀਨੇ ਨਾਲ, ਕਤਰਾ ਕਤਰਾ ਕਰ ਕੇ ਜੋੜੀ ਹੋਈ ਪੂੰਜੀ ਦਾ ਇਕ ਬਹੁਤ ਵੱਡਾ ਹਿੱਸਾ ਖਰਚ ਕਰਕੇ ਵੀ , ਉਹ ਬਹੁਤ ਖੁਸ਼ ਹੂੰਦਾ ਹੈ , ਕਿਉਕਿ ਉਸਦੇ ਬਦਲੇ ਅੱਜ ਉਸ ਕੋਲ, ਅਪਣੇ ਸੁਫਨਿਆਂ ਦੇ ਘਰ ਲਈ ਹੁੰਦੀ ਹੈ, ਅਪਣੀ ਮਲਕੀਅਤ ਵਾਲੀ, ਅਪਣੀ "ਹੋਮ ਲੈਂਡ"। ਇਸ ਖੁਸ਼ੀ ਦਾ ਕਾਰਣ ਇਹ ਹੁਮਦਾ ਹੈ ਕਿ, ਅਪਣੀ ਵਖਰੀ ਹੋਂਦ, ਅਡਰੀ ਪਛਾਣ, ਆਪਣੀ ਵਖਰੀ ਪ੍ਰਭੂਸੱਤਾ ਅਤੇ ਆਪਣਿਆਂ ਦੇ ਸਾਥ ਦੀ ਨਿੱਘ ਮਾਨਣ ਦਾ ਸੁੱਖ। ਮਨੁੱਖ ਵਿੱਚ ਇਹ, ਇਕ ਕੁਦਰਤੀ ਗੁਣ ਹੁੰਦਾ ਹੈ। ਆਪਣੀ "ਹੋਮ ਲੈਂਡ" ਨੂੰ ਪਾ ਕੇ ਉਹ ਦੂਜਿਆਂ ਦੀ ਪ੍ਰਭੂਸੱਤਾ, ਰੋਕ ਟੋਕ ਅਤੇ ਦੂਜਿਆ ਦੇ ਬਣਾਏ ਕਾਇਦੇ, ਕਾਨੂੰਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਉਹ ਅਪਣੇ ਆਪ ਨੂੰ ਬਹੁਤ ਹਲਕਾ ਅਤੇ ਆਜਾਦ ਮਹਿਸੂਸ ਕਰਦਾ ਹੈ।

ਲੇਕਿਨ ਇਸ ਘਰ ਨੂੰ ਬਨਾਉਣ ਤੋਂ ਪਹਿਲਾਂ, ਉਹ ਅਪਣੇ ਪਰਿਵਾਰ ਦੇ ਜੀਆਂ ਬਾਰੇ ਵੀ ਬਹੁਤ ਕੁਝ ਸੋਚਦਾ ਹੈ, ਜਿਨ੍ਹਾਂ ਲਈ ਉਹ ਇਹ ਘਰ ਬਨਾਉਣ ਜਾ ਰਿਹਾ ਹੁੰਦਾ ਹੈ। ਇਕ "ਹੋਮ ਲੈੰਡ" ਨੂੰ ਹਾਸਿਲ ਕਰ ਲੈਣ, ਉਸ 'ਤੇ ਇਕ ਮਕਾਨ ਦੀ ਉਸਾਰੀ ਕਰ ਲੈਣ ਨਾਲ ਹੀ ਉਸ ਦੇ ਸਾਰੇ ਟੀਚੇ ਪੂਰੇ ਨਹੀਂ ਹੋ ਜਾਂਦੇ। ਉਸ ਹੋਮ ਲੈਂਡ ਤੇ ਉਹ ਨਾ ਕੇਵਲ ਇਕ ਮਕਾਨ ਬਨਾਉਣ ਜਾ ਰਿਹਾ ਹੁੰਦਾ ਹੈ, ਬਲਕਿ ਉਹ ਅਪਣੇ ਅਤੇ ਆਪਣਿਆਂ ਲਈ ਇਕ ਘਰ ਬਨਾਉਣ ਜਾ ਰਿਹਾ ਹੁੰਦਾ ਹੈ। "ਮਕਾਨ" ਅਤੇ "ਘਰ" ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ। ਇਕ ਮਕਾਨ ਨਾਲ ਘਰ ਨਹੀਂ ਬਣਦਾ, ਜਦਕਿ ਘਰ ਉਸ ਮਕਾਨ ਵਿਚ ਰਹਿਣ ਵਾਲੇ ਜੀਆਂ ਨਾਲ ਬਣਦਾ ਹੈ। ਜੇ ਉਹ ਜੀਅ ਹੀ ਖੁਸ਼ਹਾਲ ਨਾ ਹੋਣ, ਬਦਹਾਲ ਹੋਣ ਤਾਂ ਉਹ ਘਰ ਕਿਸ ਕੰਮ ਦਾ?

ਜ਼ਮੀਨ ਹਾਸਿਲ ਕਰ ਲੈਣਾ, ਉਸ ਉਤੇ ਇਕ ਮਕਾਨ ਦੀ ਉਸਾਰੀ ਵੀ ਕਰ ਲੈਣਾ ਹੀ ਆਪਣੇ ਆਪ ਵਿੱਚ ਮੁਕੱਮਲ ਨਹੀਂ ਹੁੰਦਾ। ਉਸ ਮਕਾਨ ਨੂੰ ਘਰ ਦਾ ਰੂਪ ਦੇਣ ਲਈ ਇਕ 'ਪਰਿਵਾਰ' ਦੀ ਜਰੂਰਤ ਹੁੰਦੀ ਹੈ। ਮਕਾਨ ਕਿਨ੍ਹਾਂ ਹੀ ਚੰਗਾ ਕਿਉ ਨਾ ਹੋਵੇ, ਉਸ ਵਿੱਚ ਰਹਿਣ ਵਾਲਿਆਂ ਨਾਲ ਹੀ ਤਾਂ ਉਹ ਘਰ ਬਣਦਾ ਹੈ। ਪਰਿਵਾਰ ਵੀ ਇਹੋ ਜਹਿਆ, ਜਿਸਦੇ ਸਾਰੇ ਹੀ ਜੀਅ, ਖੁਸ਼ਹਾਲ ਹੋਣ। ਇਕ ਸੋਚ ਵਾਲੇ, ਸਭਿਆਚਰਕ ਕਰਣੀ ਵਾਲੇ, ਮਜਬੂਤ ਏਕੇ ਅਤੇ ਆਪਸੀ ਸੂਝਬੂਝ ਦੇ ਧਾਰਣੀ ਅਤੇ ਏਜੂਕੇਟੇਡ ਹੋਣ। ਇਕ ਦੂਜੇ ਦੇ ਸੁੱਖ ਦੁੱਖ ਨੂੰ ਆਪਣਾ ਸੁੱਖ ਅਤੇ ਦੁੱਖ ਸਮਝਣ। ਜੇ ਉਸ ਦੇ ਪਰਿਵਾਰ ਦਾ ਹਰ ਬੰਦਾ ਇਹੋ ਜਹਿਆ ਹੋਵੇ, ਤਾਂ ਹੀ ਉਸ ਦਾ ਉਸਾਰਿਆ ਘਰ ਇਕ "ਆਦਰਸ਼ ਘਰ" ਬਣਦਾ ਹੈ।

ਜਿਸ ਘਰ ਦੇ ਜੀਅ ਨਸ਼ਿਆਂ ਵਿਚ ਗਲਤਾਨ ਹੋਣ, ਪਤਿਤ ਹੋ ਕੇ ਅਪਣੇ ਘਰ ਦੀ ਮਰਿਯਾਦਾ ਅਤੇ ਰਹਿਣੀ ਨੂੰ ਹੀ ਭੁਲ ਚੁਕੇ ਹੋਣ। ਅਪਣੇ ਪੁਰਖਿਆਂ ਦੇ ਅਮੀਰ ਇਤਿਹਾਸ ਤੋਂ ਹੀ ਵਾਕਿਫ ਨਾ ਹੋਣ। ਆਪਣੇ ਘਰ ਵਿੱਚ ਬੋਲੀ ਜਾਣ ਵਾਲੀ ਬੋਲੀ ਅਤੇ ਭਾਸ਼ਾ ਤੋਂ ਮਹਿਰੂਮ ਹੋਣ। ਉਹ ਬੰਦਾ ਇਹ ਸੋਚਦਾ ਹੈ, ਕਿ ਮੈਂ ਇਹ ਘਰ ਕਿਸ ਲਈ ਬਨਾਉਣਾ ਹੈ? ਹਰ ਮਨੁੱਖ ਦਾ ਅਪਣਾਂ ਇਕ ਘਰ ਹੋਣ ਦਾ ਸੁਫਨਾ ਹੋਣ ਦੇ ਬਾਵਜੂਦ ਵੀ ਐਸਾ ਮਨੁੱਖ ਆਪਣਾ ਘਰ ਬਨਾਉਣ ਦੀ ਸੋਚਦਾ ਵੀ ਨਹੀਂ। ਉਸ ਦਾ ਇਕੋ ਇਕ ਕਾਰਣ ਇਹ ਕਿ ਜੇ ਉਸ ਘਰ ਵਿੱਚ ਵੀ ਦੁੱਖ, ਕਲਿਹ ਤੇ ਲੜਾਈ ਹੋਣੀ ਹੈ। ਆਪਣੇ ਹੀ ਬਜੁਰਗਾਂ ਅਤੇ ਪੁਰਖਿਆਂ ਦਾ ਸਤਿਕਾਰ ਨਹੀਂ ਹੋਣਾ, ਉਨ੍ਹਾਂ ਦੀ ਤਾਂ ਕਿਸੇ ਮੰਨਣੀ ਹੀ ਨਹੀਂ। ਉਹ ਆਪਣਾ ਘਰ ਵੀ ਨਰਕ ਬਣ ਜਾਣਾ ਹੈ। ਉਸ ਨੂੰ ਸੰਭਾਲਣ ਦੀ ਗਲ ਤਾਂ ਬਹੁਤ ਦੂਰ ਦੀ ਹੈ।

ਜੇ ਉਸ "ਘਰ" ਵਿੱਚ ਰਹਿਣ ਵਾਲੇ ਜੀਅ ਐਸੇ ਹੀ ਹੋਣ, ਤਾਂ ਇੱਨ੍ਹੀ ਮਿਹਨਤ ਨਾਲ ਬਣਾਇਆ ਉਹ ਘਰ ਵੀ ਇਕ ਦਿਨ ਉਸ ਤੋਂ ਖੁਸ ਜਾਣਾ ਹੈ। ਜਿਸ ਘਰ ਦੇ ਜੀਆਂ ਵਿਚ ਏਕਾ ਨਹੀਂ, ਅਤੇ ਉਹ ਸਮਝਦਾਰ ਨਹੀਂ ਹੁੰਦੇ, ਨਸ਼ਿਆਂ ਅਤੇ ਬੁਰਾਈਆਂ ਦੇ ਸ਼ਿਕਾਰ ਹੁੰਦੇ ਹਨ, ਉਨ੍ਹਾਂ ਨੂੰ ਆਂਡੀ ਗੁਆਂਡੀ ਬਹੁਤ ਹੀ ਛੇਤੀ ਵਰਗਲਾ ਲੈਂਦੇ ਹਨ। ਬਹੁਤ ਛੇਤੀ ਉਹ ਘਰ ਵਿੱਕ ਜਾਂਦਾ ਹੈ, ਜਾਂ ਵੰਡਿਆ ਜਾਂਦਾ ਹੈ। "ਆਪਣੇ ਘਰ" ਦਾ ਸੁਫਨਾ ਵੇਖਣ ਵਾਲਾ ਉਹ ਮਨੁੱਖ ਇਕ ਦਿਨ ਆਪਣੀ ਹੋਮ ਲੈਂਡ ਤੋਂ ਸੱਖਣਾ ਹੋ ਜਾਂਦਾ ਹੈ।

ਵੀਰੋ ! ਸਾਡੀ ਕੌਮ ਦਾ ਵੀ ਇਹ ਹੀ ਹਾਲ ਹੈ। ਵੀਰ ਅਜਮੇਰ ਸਿੰਘ ਦੀ ਲਿਖੀ ਪੁਸਤਕ "ਕਿਸ ਬਿਧ ਰੁਲੀ ਪਾਤਸ਼ਾਹੀ" ਪੜ੍ਹ ਕੇ ਅੱਖਾਂ ਭਰ ਜਾਂਦੀਆਂ ਨੇ ਅਤੇ ਮਨ ਵਿੱਚ ਇਕ ਅਜੀਬ ਜਿਹਾ ਦਰਦ ਉਠਦਾ ਹੈ। ਆਪਣੇ ਪੁਰਖਿਆਂ ਦੀ ਬਣਾਈ, ਆਪਣੀ "ਹੋਮ ਲੈੰਡ", ਜੋ ਸਾਡੀ ਕੌਮ ਦੇ ਜਰਨੈਲਾਂ ਨੇ ਸਾਨੂੰ ਵਿਰਾਸਤ ਦੇ ਰੂਪ ਵਿੱਚ ਦਿਤੀ ਸੀ, ਜਿਸ ਦੀਆਂ ਹੱਦਾਂ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤਕ ਫੈਲੀਆਂ ਸਨ.... ਕਾਸ਼ ! ਅਸੀਂ ਉਸ ਨੂੰ ਹੀ ਸੰਭਾਲ ਸਕੇ ਹੁੰਦੇ, ਮੁੜ ਸਾਨੂੰ ਆਪਣੀ "ਹੋਮ ਲੈਂਡ" ਦੀ ਜ਼ਰੂਰਤ ਹੀ ਮਹਿਸੂਸ ਨਾ ਹੁੰਦੀ। ਜੱਸਾ ਸਿੰਘ ਆਲਹੂਵਾਲੀਆ ਵਰਗੇ ਯੋਧਿਆਂ ਦਾ ਬਣਾਇਆ "ਖਾਲਸਾ ਰਾਜ" ਅਸੀਂ ਸੰਭਾਲ ਨਾ ਸਕੇ। ਸਾਡੇ ਵਿਚੋਂ ਹੀ "ਆਲਾ ਸਿੰਘ" ਵਰਗੇ ਸਿਆਸਤ ਦਾਨ ਪੈਦਾ ਹੋ ਗਏ। ਜਿਨ੍ਹਾਂ ਨੇ ਅਪਣੀ ਹੋਮ ਲੈਂਡ ਹੋਣ ਦੇ ਬਾਵਜੂਦ ਵੀ ਅਪਣੀ ਕੁਰਸੀ ਦੀ ਫਿਕਰ ਕੀਤੀ, ਲੇਕਿਨ ਉਸ ਰਾਜ ਨੂੰ ਕੌਮ ਦੀ ਹੋਮ ਲੈਂਡ ਬਨਾਉਣ ਲਈ ਕਿਸੇ ਨੇ ਵੀ ਪਰਵਾਹ ਨਹੀਂ ਕੀਤੀ। ਗੱਦਾਰ ਸਿਆਸਤ ਦਾਨਾਂ ਨੂੰ ਅਸੀਂ ਅਪਣੀ ਕੌਮ ਦਾ ਰਹਿਬਰ ਸਮਝਿਆ। ਕੌਮ ਦੀ ਬੇੜੀ ਦੀ ਪਤਵਾਰ ਉਨਾਂ ਗੱਦਾਰ ਮੱਲਾਹਾਂ ਦੇ ਹੱਥ ਫੜਾ ਦਿਤੀ, ਜੋ ਪਹਿਲਾਂ ਹੀ ਉਸ ਨੂੰ ਡੋਬਣ ਦੀ ਫਿਰਾਕ ਵਿੱਚ ਸਨ।

ਕੌਮ ਦੇ ਫਿਕਰ ਮੰਦੋ ਅਤੇ ਪੰਥ ਦਰਦੀ ਵੀਰੋ! ਕਿਤੇ ਇਹ ਨਾਂ ਸਮਝਿਆ ਜੇ ਕਿ ਮੈਂ ਤੁਹਾਡੀ ਕਿਸੇ ਸੋਚ ਦਾ ਵਿਰੋਧੀ ਹਾਂ। ਮੈਂ ਤਾਂ ਇਸ ਲੇਖ ਵਿੱਚ ਪਹਿਲਾਂ ਹੀ ਕਹਿ ਕੇ ਆਇਆ ਹਾਂ ਕਿ, ਇਹ ਕੁਦਰਤ ਦਾ ਨਿਯਮ ਹੈ ਕਿ ਹਰ ਮਨੁੱਖ ਅਪਣੀ ਵਖਰੀ ਹੋਂਦ ਅਤੇ ਅਪਣੀ ਸੁਰਖਿਆ ਲਈ ਆਪਣਾ ਨਿਜੀ ਘਰ ਬਨਾਉਣ ਦਾ ਸੁਫਨਾ ਵੇਖਦਾ ਆਇਆ ਹੈ। ਉਹ ਸੁਫਨਾਂ ਹੀ ਕਿਉਂ, ਉਸ ਸੁਫਨੇ ਨੂੰ ਸਾਕਾਰ ਵੀ ਕਰਦਾ ਆਇਆ ਹੈ। ਲੇਕਿਨ ਇਸ ਘਰ ਨੂੰ ਬਨਾਉਣ ਦੇ ਨਾਲ ਹੀ ਨਾਲ, ਉਸ ਵਿੱਚ ਵਸਣ ਵਾਲੇ ਘਰ ਦੇ ਜੀਆਂ ਬਾਰੇ ਵੀ ਸੋਚਣਾ ਬਹੁਤ ਜਰੂਰੀ ਹੈ। ਜਿਨਾਂ ਲਈ ਤੁਸੀਂ ਇਹ ਘਰ ਬਨਾਉਣ ਦੀ ਸੋਚ ਰਹੇ ਹੋ, ਉਸ ਘਰ ਵਿੱਚ ਕਿਸਨੂੰ ਵਸਾਉਗੇ ? ਜਮੀਨ ਵੀ ਹਾਸਿਲ ਕਰ ਲਉਗੇ, ਮਕਾਨ ਵੀ ਉਸਾਰ ਲਵੋਗੇ, ਲੇਕਿਨ ਉਸਨੂੰ "ਘਰ" ਕੇੜ੍ਹੇ ਜੀਆਂ ਨਾਲ ਬਣਾਉਗੇ?

ਕਿਸੇ ਵੀ ਕੌਮ ਦਾ ਇਕ ਬਹੁਤ ਜਰੂਰੀ ਅੰਗ ਉਸਦਾ ਨੌਜੁਆਨ ਤਬਕਾ ਹੁੰਦਾ ਹੈ। ਹਜ਼ਾਰਾਂ ਹੀ ਨੌਜੁਆਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਕੇ ਸਾਡੀਆਂ ਜੜਾਂ 'ਤੇ ਕੁਹਾੜਾ ਚਲਾਇਆ ਗਇਆ। ਬੱਚਿਆਂ ਖੁੱਚਿਆਂ ਦੀ ਜਵਾਨੀ, ਜੇਲਾਂ ਦੀਆਂ ਕਾਲ ਕੋਠਰੀਆਂ ਦੀ ਭੇਂਟ ਚੜ੍ਹ ਗਈ। ਸਾਡੀ ਕੌਮ ਦੇ ਅਜੋਕੇ ਗੱਦਾਰ ਸਿਆਸਤ ਦਾਨਾਂ ਨੇ, ਕੌਮ ਦੇ ਉਨਾਂ ਪੁੱਤਾਂ ਬਾਰੇ ਨਾਂ ਸੋਚ ਕੇ, ਆਪਣੇ ਜੰਮੇ ਪੁੱਤਾ ਨੂੰ ਰਾਜ ਗੱਦੀਆਂ ਦੁਆਣ ਲਈ, ਕੌਮ ਦੇ ਅਮੀਰ ਵਿਰਸੇ ਨੂੰ ਬਿਪਰ ਦੇ ਹੱਥਾਂ ਵਿੱਚ ਫੜਾ ਦਿਤਾ। ਇਕ ਸੋਚੀ ਸਮਝੀ ਸਾਜਿਸ਼ ਦੇ ਅਧੀਨ, ਨਸ਼ਿਆਂ ਨਾਲ ਸਾਡਾ ਨੌਜੁਆਨ, ਨੀਮ ਪਾਗਲ ਬਣਾ ਦਿੱਤਾ ਗਇਆ ਹੈ। ਉਸ ਵਿੱਚ ਭਲਾ ਬੁਰਾ ਸੋਚਣ ਦੀ ਤਾਕਤ ਹੀ ਨਹੀਂ ਰਹੀ। ਮੈਂ ਆਪ "ਸਿਫਤੀ ਦੇ ਉਸ ਘਰ" ਵਿੱਚ ਨਿੱਕੇ ਨਿੱਕੇ ਚਾਹ ਦੇ ਢਾਬਿਆਂ 'ਤੇ, ਸ਼ਿਖਰ ਦੁਪਿਹਰੇ, ਅਫਿਮ ਅਤੇ ਸਮੈਕ ਵਿਕਦੀ ਵੇਖੀ ਹੈ। ਇੱਨੇ ਨੌਜੁਆਨ ਮੈਂ ਗੁਰਦੁਆਰਿਆ ਵਿੱਚ ਨਹੀਂ ਵੇਖੇ, ਜਿੰਨੇ ਸ਼ਰਾਬ ਦੇ ਠੇਕਿਆਂ, ਪੱਬਾਂ ਅਤੇ ਲਚਰ ਗਇਕਾਂ ਦੇ ਪ੍ਰੋਗ੍ਰਾਮਾਂ ਵਿਚ ਰੁਲਦੇ ਵੇਖੇ ਹਨ। ਸਾਡੇ ਨੌਜੁਆਨਾਂ ਦਾ "ਰੋਲ ਮਾਡਲ" ਹੁਣ ਬਾਬਾ ਦੀਪ ਸਿੰਘ ਸ਼ਹੀਦ, ਬੋਤਾ ਸਿੰਘ, ਗਰਜਾ ਸਿੰਘ ਅਤੇ ਮਹਿਤਾਬ ਸਿੰਘ ਵਰਗੇ ਸਿੱਖ ਨਹੀਂ ਹਨ। ਉਨਾਂ ਦੇ ਰੋਲ ਮਾਡਲ ਤਾਂ ਹੁਣ ਪਤਿਤ ਬਹਿਰੂਪੀਏ  ਲਚਰ ਗਾਇਕ ਹਨ।

ਗੁਰੂ ਗ੍ਰੰਥ ਸਾਹਿਬ ਜੀ ਉਹ ਵੱਡਾ ਦ੍ਰਖਤ ਹੈ, ਜਿਸਦੀ ਛਾਂ ਥੱਲੇ ਅਸੀਂ ਸਿੱਖੀ ਦੀ ਨਿਘ ਮਾਣਦੇ ਰਹੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲੀ ਸੇਧ ਕਰਕੇ ਹੀ ਸਾਡੇ ਪੂਰਵਜ ਅਣਖ ਅਤੇ ਸਵੈਮਾਨ ਲਈ ਸ਼ਹੀਦ ਹੋਣ ਨੂੰ ਤਿਆਰ ਹੋ ਜਾਂਦੇ। ਉਸ ਨਾਲੋਂ ਸਾਡੇ ਪਰਿਵਾਰ ਨੂੰ ਇਕ ਸਾਜਿਸ਼ ਦੇ ਤਹਿਤ, ਹੌਲੀ ਹੌਲੀ ਤੋੜ ਦਿਤਾ ਗਇਆ ਹੈ। ਅੱਜ ਸਾਡੇ ਸਿਰ 'ਤੇ ਇਕ ਕੱਚਾ ਅਤੇ ਵਡੇ ਵਡੇ ਛੇਕਾਂ ਵਾਲਾ ਛੱਤ, "ਅਖੌਤੀ ਦਸਮ ਗ੍ਰੰਥ" ਦੇ ਰੂਪ ਵਿਚ ਛਾਅ ਦਿਤਾ ਗਇਆ ਹੈ। ਜੋ ਕਦੀ ਵੀ ਸਾਡੇ ਪਰਿਵਾਰ ਦੇ ਉੱਤੇ ਡਿਗ ਕੇ ਉਸ ਦੀ ਜਾਨ ਲੈ ਸਕਦਾ ਹੈ। ਬਿਪਰਵਾਦ ਅਤੇ ਪਤਿਤ ਪੁਣੇ ਦੀ ਅੱਗ ਵਿਚ ਸਾਡਾ ਪਰਿਵਾਰ ਸੱੜ ਰਿਹਾ ਹੈ। ਉਸਦੀ ਨਿਰਾਲੀ ਅਤੇ ਵਿਲੱਖਣ ਪਛਾਣ ਦੀ ਨਿਸ਼ਾਨੀ, ਗੁਰੂ ਦੇ ਬਖਸ਼ੇ ਕੇਸ਼ ਉਸ ਤੋਂ ਖੋਹ ਲਏ ਗਏ ਨੇ। ਬਿਹਾਰ ਦੇ ਭਈਆਂ ਅਤੇ ਗੁਰੂ ਦੇ ਸਿੱਖਾਂ ਵਿਚ ਪਛਾਣ ਕਰ ਸਕਣਾਂ ਵੀ ਮੁਸ਼ਕਿਲ ਹੋ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਅਤੇ ਅਪਣੇ ਅਮੀਰ ਵਿਰਸੇ ਦਾ ਸਾਹਿਤ ਖਰੀਦ ਕੇ ਪੜ੍ਹਨ ਵਾਲਾ ਕੋਈ ਨਹੀਂ। ਚੰਡੀ ਕੀ ਵਾਰ, ਪੂਰਨਮਾਸੀ ਦੇ ਵਰਤ ਦੀ ਕਥਾ, ਕਰਵਾ ਚੌਥ ਦੀ ਕਥਾ, ਸੋਮਵਾਰ ਦਾ ਵਰਤ, ਸ਼ਨਿਸ਼ਚਰ ਦੀ ਕਥਾ ਵਰਗੀਆਂ ਪੁਸਤਕਾਂ ਹੀ ਸਾਡਾ ਪਰਿਵਾਰ ਖਰੀਦ ਦਾ ਅਤੇ ਪੜ੍ਹਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਨੂੰ ਸਾਡਾ ਪਰਿਵਾਰ ਜਾਣਦਾ ਨਹੀਂ, ਕਿ ਉਹ ਕੀ ਬਲਾ ਹੈ ? ਜਿਸਨੂੰ ਲਿਖਣ ਲਈ ਉਸ ਮਹਾਨ ਸਿੱਖ ਵਿਦਵਾਨ ਨੇ ਅਪਣੇ ਜੀਵਨ ਦੇ 27 ਕੀਮਤੀ ਵਰ੍ਹੇ ਕੌਮ ਦੇ ਲੇਖੇ ਲਾ ਦਿਤੇ ਸਨ।

ਅੱਜ ਤੋਂ ਵੀਹ ਵਰ੍ਹੇ ਪਹਿਲਾਂ ਸਾਡੇ ਘਰ ਵਿੱਚ ਕਿਸੇ ਨੂੰ ਹਿੰਦੀ ਪੜ੍ਹਨੀ ਨਹੀਂ ਸੀ ਆਂਉਦੀ। ਘਰਾਂ ਵਿੱਚ ਹਿੰਦੀ ਦੀਆਂ ਅਖਬਾਰਾਂ ਮੁਫਤ ਵਿੱਚ ਸੁੱਟ ਸੁੱਟ ਕੇ ਜਾਂਦੇ ਸਨ। ਅੱਜ ਉਥੇ ਹਿੰਦੀ ਦੀਆਂ ਵੀਹ ਅਖਬਾਰਾਂ ਘਰਾਂ ਵਿੱਚ ਪੜ੍ਹੀਆਂ ਜਾਂਦੀਆਂ ਨੇ। ਸਾਡੀ ਮਾਂ ਬੋਲੀ ਨੂੰ ਹੌਲੀ ਹੌਲੀ ਮਾਰ ਕੇ ਬਿਪਰ ਦੀ ਬੋਲੀ ਬੁਲਵਾਈ ਤੇ ਪੜ੍ਹਾਈ ਜਾ ਰਹੀ ਹੈ। ਪ੍ਰਵਾਸੀ ਮਜਦੂਰ ਸਾਡੇ ਪਰਿਵਾਰਾਂ ਦੀਆਂ ਜਮੀਨਾਂ, ਘਰ, ਕਾਰੋਬਾਰ ਖਰੀਦ ਰਹੇ ਨੇ, 'ਤੇ ਅਸੀਂ ਵੀਜ਼ੇ ਲੁਆ ਲੁਆ ਕੇ ਛੋਟੀਆਂ ਛੋਟੀਆਂ ਨੌਕਰੀਆਂ ਲਈ ਬਾਹਰ ਭਜੇ ਜਾ ਰਹੇ ਹਾਂ। ਸਾਡਾ ਪਰਿਵਾਰ ਆਪਣੀਆਂ ਜਮੀਨਾਂ ਵੇਚ ਵੇਚ ਕੇ ਵੀਜ਼ੇ ਹੀ ਇਕੱਠੇ ਕਰਦਾ ਰਿਹਾ। ਨਾ ਲੈਂਡ ਰਹੀ ਤੇ ਨਾ ਹੋਮ ਰਿਹਾ ਸਾਡੇ ਕੋਲ। ਸਾਡੀ ਹੋਮ ਲੈਂਡ ਦਾ ਮਾਲਿਕ ਬਿਪਰ ਬਣ ਗਇਆ। ਚਾਲਾਕ ਮਹਾਸ਼ੀਆ ਸਾਡੇ ਕਿਸਾਨਾਂ ਕੋਲੋਂ 20 ਰੁਪਏ ਕਿਲੋ ਚਾਵਲ ਖਰੀਦ ਕੇ, ਉਸਨੂੰ ਪਾਲਿਸ਼ ਕਰ ਕਰ ਕੇ ਖੁਬਸੂਰਤ ਪੈਕਟਾਂ ਵਿੱਚ ਭਰ ਕੇ, 200 ਰੁਪੀਏ ਕਿਲੋ ਵੇਚਦਾ ਰਿਹਾ। ਮਹਾਸ਼ੀਆ ਅਮੀਰ ਹੁੰਦਾ ਗਇਆ ਤੇ ਸਾਡਾ ਕਿਸਾਨ ਗਰੀਬੀ ਦੀ ਡੂੰਗੀ ਖਾਈ ਵਿੱਚ ਡਿੱਗ ਡਿੱਗ ਕੇ ਮਰਦਾ ਰਿਹਾ।

ਕਿਸੇ ਵੀ ਸਮਾਜ ਦਾ ਇੱਕ ਬਹੁਤ ਅਹਿਮ ਹਿੱਸਾ ਹੁੰਦਾ ਹੈ, ਉਸ ਦਾ ਕਿਸਾਨ। ਸਾਡਾ ਕਿਸਾਨ ਗੁਰਬਤ ਦੀ ਫਾਂਸੀ ਅਪਣੇ ਗਲੇ ਵਿਚ ਪਾ ਕੇ ਖੁਦਕੁਸ਼ੀਆਂ ਕਰਦਾ ਰਿਹਾ। ਸਾਡਾ ਕਿਸਾਨ ਅਪਣੀ ਗਰੀਬੀ ਨੂੰ ਦੂਰ ਕਰਨ ਲਈ, ਚੰਗੀ ਫਸਲ ਉਗਾਉਣ ਦੀ ਆਸ ਵਿਚ, ਕੀਟ ਨਾਸ਼ਕਾਂ ਦਾ ਜਹਿਰ ਆਪਣੀਆਂ ਜਮੀਨਾਂ ਵਿੱਚ ਘੋਲ ਘੋਲ ਕੇ, ਕੈਂਸਰ ਨਾਮ ਦੀ ਨਾਮੁਰਾਦ ਬਿਮਾਰੀ ਨਾਲ ਮਰ ਰਿਹਾ ਹੈ। ਸਾਰੇ ਭਾਰਤ ਦਾ ਢਿੱਡ ਭਰਨ ਵਾਲਾ ਸਾਡਾ ਕਿਸਾਨ ਦੋ ਜੂਨ ਦੀ ਰੋਟੀ ਲਈ ਮੁਥਾਜ ਹੈ। ਮੇਰੇ ਵੀਰੋ ! ਉਸ ਘਰ ਵਿੱਚ ਕਿਸ ਨੂੰ ਵਸਾਉਗੇ ? ਇਨਾਂ ਜਿੰਦਾ ਲਾਸ਼ਾਂ ਨੂੰ ? ਪਰਿਵਾਰ ਬੀਮਾਰ ਹੋਵੇ ਤਾਂ ਸਾਨੂੰ ਉਸ ਦੀ ਸਾਰ ਲੈਣੀ ਚਾਹੀਦੀ ਹੈ, ਕਿ ਆਪਣਾ "ਘਰ" ਬਨਾਉਣ ਦੀ ਪਹਿਲਾ ਸੋਚਣੀ ਚਾਹੀਦੀ ਹੈ। ਪਰਿਵਾਰ ਖੁਸ਼ਹਾਲ ਹੋਵੇਗਾ, ਤਾਂ ਹੀ ਤਾਂ ਉਹ ਘਰ ਵੱਸੇਗਾ।

ਮੇਰੇ ਵੀਰੋ ! ਹਜ਼ਾਰਾਂ ਸਿੱਖਾਂ ਦੀ ਸਹਾਦਤ ਦੇ ਕੇ ਜੇੜ੍ਹੀ "ਹੋਮ ਲੈਂਡ" ਦੁਸ਼ਮਣਾਂ ਕੋਲੋਂ ਖੋਹ ਕੇ, ਜੱਸਾ ਸਿੰਘ ਆਲਹੂਵਾਲੀਆ ਅਤੇ ਉਸ ਦੇ ਮਹਾਨ ਜਰਨੈਲ ਸਾਥੀਆਂ ਨੇ ਸਾਨੂੰ ਵਿਰਾਸਤ ਵਿੱਚ ਦਿੱਤੀ ਸੀ। ਉਹ "ਹੋਮ ਲੈਂਡ" ਵੀ ਸਾਥੋਂ ਸੰਭਾਲੀ ਨਾ ਗਈ। ਸਾਡੇ ਵਿਚੋ ਹੀ ਅਜੋਕੇ, ਆਲਾ ਸਿੰਘ ਵਰਗੇ ਰਾਜੇ, ਜੋ ਸਿੱਖ ਭੇਖ ਵਿੱਚ ਕੌਮ ਅਤੇ ਸਿੱਖੀ ਦੇ ਦੁਸ਼ਮਣ ਹਨ, ਤੁਹਾਨੂ ਤੁਹਾਡੇ ਟੀਚਿਆਂ ਵਿੱਚ ਕਦੀ ਵੀ ਸਫਲ ਨਹੀਂ ਜੇ ਹੋਣ ਦੇਣਾ ਚਾਹੁੰਦੇ। ਕਿਉਂਕਿ ਸਾਡਾ ਪਰਿਵਾਰ ਬਹੁਤ ਕਮਜੋਰ ਅਤੇ ਨਾਸਮਝ ਹੈ, ਉਸ ਵਿੱਚ ਕਿਸੇ ਘਰ ਨੂੰ ਵਸਾਉਣ ਅਤੇ ਉਸ ਨੂੰ ਚਲਾਉਣ ਦੇ ਗੁਣ ਹੀ ਨਹੀਂ ਹਨ। "ਆਪਣਾ ਘਰ" ਬਨਾਉਣਾ, ਫਿਰ ਉਸ ਨੂੰ ਸੰਭਾਲਣਾ, ਦੋਵੇ ਇਕ ਹੀ ਇਕ ਸਿੱਕੇ ਦੇ ਦੋ ਪਹਿਲੂ ਹਨ। ਘਰ ਉਹ ਹੀ ਸੰਭਲਦੇ ਨੇ ਜਿਨਾਂ ਵਿੱਚ ਰਹਿਣ ਵਾਲਾ ਪਰਿਵਾਰ ਮਾਨਸਿਕ ਅਤੇ ਅਧਿਆਤਮਿਕ ਅਤੇ ਆਰਥਿਕ ਪੱਖੋਂ ਸਮਝਦਾਰ ਅਤੇ ਕਾਬਿਲ ਹੋਵੇ। ਕਿਤੇ ਇਹ ਨਾ ਹੋਵੇ ਕਿ "ਆਪਣੇ ਘਰ" ਦਾ ਸੁਫਨਾ, ਇਕ ਸੁਫਨਾ ਹੀ ਬਣ ਕੇ ਰਹਿ ਜਾਏ। ਕਿਸੇ ਬੀਮਾਰ ਅਤੇ ਕਮਜੋਰ ਪਰਿਵਾਰ ਨਾਲ "ਆਪਣੇ ਘਰ" ਨਹੀਂ ਵਸਦੇ। ਜੇ ਵਸ ਵੀ ਜਾਣ ਤਾਂ ਉਹ ਖੁਸ ਜਾਂਦੇ ਨੇ।